ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) ਮੈਂਬਰ ਜੇਲ੍ਹ ਵਿਭਾਗ ਪੰਜਾਬ ਤੇ ਸਿੱਖ ਜਥੇਬੰਦੀ ਆਈ.ਐਸ.ਓ. ਦੇ ਸੂਬਾ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਮੀਟਿੰਗ ਦੌਰਾਨ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਜੇਲ੍ਹ ਦੌਰੇ ਜਲਦ ਸ਼ੁਰੂ ਕਰਨਗੇ, ਜਿਸਦੀ ਪੂਰੀ ਸਮੀਖਿਆ ਕਰਨ ਉਪਰੰਤ ਉਸ ਦੀ ਰਿਪੋਰਟ ਮੁੱਖ ਮੰਤਰੀ ਪੰਜਾਬ ਸz: ਪ੍ਰਕਾਸ਼ ਸਿੰਘ ਬਾਦਲ ਤੇ ਜੇਲ੍ਹ ਮੰਤਰੀ ਪੰਜਾਬ ਸz: ਸੋਹਣ ਸਿੰਘ ਠੰਡਲ ਨੂੰ ਸੌਂਪਣਗੇ।ਇਸ ਰਿਪੋਰਟ ਵਿੱਚ ਕੈਦੀਆਂ ਦੀਆਂ ਸਹੂਲਤਾਂ, ਕੈਦੀਆਂ ਦੀ ਛੁੱਟੀ, ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਨੇੜਲੇ ਹੱਲ ਲੱਭਣ ਲਈ ਅਗਲੇਰੇ ਕਦਮ, ਡਾਕਟਰੀ ਸਹਾਇਤਾ ਵਿੱਚ ਹੋਰ ਵਾਧਾ ਤੇ ਧਾਰਮਿਕ ਪ੍ਰੋਗਰਾਮਾਂ ਦੀ ਲੜੀ ਨੂੰ ਅੱਗੇ ਵਧਾਉਣ ਸਮੇਤ ਅਨੇਕਾਂ ਹੋਰ ਵਿਚਾਰ ਅਧੀਨ ਮਸਲੇ ਸ਼ਾਮਲ ਹੋਣਗੇ। ਕੰਵਰਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਤੇ ਜੇਲ੍ਹ ਮੰਤਰੀ ਪੰਜਾਬ ਨਾਲ ਪਿਛਲੇ ਸਮੇਂ ਵਿੱਚ ਕੀਤੀਆਂ ਵਿਚਾਰਾਂ ਦੇ ਕਾਫੀ ਸਾਰਥਿਕ ਹੱਲ ਨਿਕਲੇ ਹਨ, ਜਿੰਨ੍ਹਾਂ ਵਿੱਚ ਕੈਦੀਆਂ ਦੀ ਨਕਸ਼ਾ ਪ੍ਰਣਾਲੀ ਨੂੰ ਸੁਖਾਲਾ ਕਰਨਾ, ਕੈਦੀਆਂ ਦੀ ਛੁੱਟੀ ਦੀ ਆਨਲਾਇਨ ਪ੍ਰਕਿਰਿਆ, ਜੇਲ੍ਹਾਂ ਵਿੱਚ ਧਾਰਮਿਕ ਸਮਾਗਮਾਂ ਦੀ ਆਗਿਆ (ਜਿਸ ਦੀ ਸ਼ੁਰੂਆਤ ਜਥੇ: ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਕੀਤੀ ਸੀ) ਮੁੱਖ ਰੂਪ ਵਿੱਚ ਸ਼ਾਮਿਲ ਹਨ ਅਤੇ ਹੁਣ ਅੱਗੇ ਵੀ ਇੰਨ੍ਹਾਂ ਵਿਚਾਰਾਂ ਦੀ ਰੋਸ਼ਨੀ ਵਿੱਚ ਕੰਮ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਕੈਦੀਆਂ ਵੱਲੋਂ ਕੁੱਝ ਮਸਲੇ ਉਨ੍ਹਾਂ ਦੇ ਧਿਆਨ ਵਿੱਚ ਹਨ ਅਤੇ ਬਾਕੀ ਉਨ੍ਹਾਂ ਨਾਲ ਮਿਲਣ ਉਪਰੰਤ ਸਮਝੇ ਜਾਣਗੇ।ਕੰਵਰਬੀਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਧਿਆਨ ਵਿੱਚ ਇਹ ਵੀ ਲਿਆਉਣਗੇ ਕਿ ਹਰ ਸਾਲ ”ਬੰਦੀ ਛੋੜ ਦਿਵਸ” ਤੇ ਨੇਕ ਆਚਰਣ ਵਾਲੇ ਕੈਦੀਆਂ ਨੂੰ ਸਜਾਵਾਂ ਵਿੱਚ ਛੋਟ ਦਿੱਤੀ ਜਾਵੇ।ਇਸ ਮੌਕੇ ਸੰਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ, ਮਨਦੀਪ ਸਿੰਘ, ਬਾਬਾ ਗੁਰਚਰਨ ਸਿੰਘ, ਸਰਬਜੀਤ ਸਿੰਘ, ਗੁਰਿੰਦਰ ਸਿੰਘ, ਮਨਜੀਤ ਸਿੰਘ ਪੰਛੀ, ਪ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ ਤੇ ਹੋਰ ਨੌਜਵਾਨ ਵੀ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …