ਹਸਪਤਾਲ ਵਿਖੇ ਲਗਾਏ ਮੈਡੀਕਲ ਕੈਂਪ ’ਚ 400 ਮਰੀਜ਼ਾਂ ਦਾ ਕੀਤਾ ਚੈਕਅਪ
ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਠੱਠਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿਚ 400 ਦੇ ਕਰੀਬ ਲੋਕਾਂ ਦਾ ਮੈਡੀਕਲ ਚੈਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਕੈਂਪ ਦੇ ਉਦਘਾਟਨ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਇਲਾਕੇ ਦੇ ਲੋਕਾਂ ਨੂੰ ਇਲਾਜ਼ ਦੀਆਂ ਸਹੂਲਤਾਂ ਦੇ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਨੂੰ ਹੋਰ ਮਜਬੂਤ ਕਰਨ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿਖੇ ਹਰ ਵਿਭਾਗ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ ਤੋਂ ਡਿਊਟੀਆਂ ਲਗਾਈਆਂ ਹਨ ਅਤੇ ਹਰ ਵਿਭਾਗ ਦੇ ਡਾਕਟਰ ਸਵੇਰ ਤੋਂ ਸ਼ਾਮ ਤੱਕ ਮਰੀਜ਼ਾਂ ਦਾ ਇਲਾਜ਼ ਕਰਨਗੇ।ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ 50 ਲੜਕੀਆਂ ਦਾ ਨਰਸਿੰਗ ਕਾਲਜ ਵੀ ਸਥਾਪਤ ਕੀਤਾ ਜਾਵੇਗਾ, ਜੋ ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ ਸ੍ਰੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਚੱਲੇਗਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਦੇ ਨਾਲ-ਨਾਲ ਸਿਹਤ ਸਹੂਲਤਾਂ ਵਿਚ ਵੀ ਮੋਹਰੀ ਭੂਮਿਕਾ ਨਿਭਾਅ ਰਹੀ ਹੈ ਅਤੇ ਇਸੇ ਦੇ ਚੱਲਦਿਆਂ ਕੋਰੋਨਾ ਦੌਰਾਨ ਸ਼੍ਰੋਮਣੀ ਕਮੇਟੀ ਦੀਆਂ ਸੇਵਾਵਾਂ ਦੀ ਭਰਵੀਂ ਸ਼ਲਾਘਾ ਹੋਈ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਮੈਡੀਕਲ ਸੰਸਥਾਵਾਂ ਵੱਲੋਂ ਸਮੇਂ-ਸਮੇਂ ’ਤੇ ਮੁਫ਼ਤ ਮੈਡੀਕਲ ਕੈਂਪਾਂ ਦਾ ਪ੍ਰਬੰਧ ਕਰਕੇ ਲੋੜਵੰਦਾਂ ਨੂੰ ਵੱਡੀ ਮੈਡੀਕਲ ਸੁਵਿਧਾ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਕਰੀਬ 700 ਮਰੀਜ਼ਾਂ ਦੀਆਂ ਅੱਖਾਂ ਦੇ ਓਪਰੇਸ਼ਨ ਕੀਤੇ ਗਏ ਅਤੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਇਲਾਜ਼ ਵੀ ਇਨ੍ਹਾਂ ਕੈਂਪਾਂ ਰਾਹੀਂ ਹੋਏ।ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅੱਜ ਬਾਬਾ ਬੁੱਢਾ ਸਾਹਿਬ ਹਸਪਤਾਲ ਵਿਖੇ ਵੀ 400 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈਕਅਪ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮਾਨਵਤਾ ਦੀ ਸੇਵਾ ਨੂੰ ਆਪਣਾ ਪਰਮ-ਧਰਮ ਕਰਤੱਵ ਸਮਝਦੀ ਹੈ ਅਤੇ ਇਹ ਮਾਨਵ ਭਲਾਈ ਦੀਆਂ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਮੰਗਵਿੰਦਰ ਸਿੰਘ ਖਾਪੜਖੇੜੀ, ਬਾਬਾ ਨਿਰਮਲ ਸਿੰਘ ਨੌਸ਼ਿਹਰਾ ਢਾਲਾ, ਹਰਦਿਆਲ ਸਿੰਘ ਸੁਰਸਿੰਘ, ਕਸ਼ਮੀਰ ਸਿੰਘ ਗੰਡੀਵਿੰਡ, ਓਐਸਡੀ ਡਾ. ਸੁਖਬੀਰ ਸਿੰਘ, ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਡੀਨ ਡਾ. ਏ.ਪੀ ਸਿੰਘ, ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਦੇ ਮੁਖੀ ਡਾ. ਨਰਿੰਦਰ ਸਿੰਘ ਕੰਗ, ਬਾਬਾ ਸੁਬੇਗ ਸਿੰਘ ਕਾਰਸੇਵਾ ਸ੍ਰੀ ਗੋਬਿੰਦਵਾਲ ਸਾਹਿਬ, ਮੈਨੇਜਰ ਸਤਨਾਮ ਸਿੰਘ ਰਿਆੜ, ਗੁਰਤਿੰਦਰਪਾਲ ਸਿੰਘ, ਧਰਮਿੰਦਰ ਸਿੰਘ, ਰਣਜੀਤ ਸਿੰਘ ਕਲਿਆਣਪੁਰ, ਹੈੱਡ ਗ੍ਰੰਥੀ ਭਾਈ ਨਿਸ਼ਾਨ ਸਿੰਘ ਅਤੇ ਹੋਰ ਮੌਜੂਦ ਸਨ।