ਪਠਾਨਕੋਟ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਾਲ਼ਾ ਅੰਗਰੇਜ਼ ਕਹੇ ਜਾਣ ’ਤੇ ਕੇਜਰੀਵਾਲ ਨੇ ਕਿਹਾ, ‘‘ਪੰਜਾਬ ਦੀਆਂ ਮਾਵਾਂ ਨੂੰ ਆਪਣਾ ਕਾਲ਼ਾ ਪੁੱਤਰ ਕੇਜਰੀਵਾਲ ਅਤੇ ਭੈਣਾਂ ਨੂੰ ਕਾਲ਼ਾ ਭਰਾ ਪਸੰਦ ਹੈ।’’ ਵੀਰਵਾਰ ਨੂੰ ਚੌਥੀ ਗਰੰਟੀ ਦੇਣ ਲਈ ਪਠਾਨਕੋਟ ਜਾ ਰਹੇ ਅਰਵਿੰਦ ਕੇਜਰੀਵਾਲ ਅੰਮਿ੍ਰਤਸਰ ਦੇ ਏਅਰਪੋਰਟ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ, ‘‘ਇਸ ਵਾਰ ਪੰਜਾਬ ਵਿੱਚ ਸਾਡੀ (ਆਪ) ਸਰਕਾਰ ਬਣੇਗੀ ਅਤੇ ਇਹ ਕਾਲ਼ਾ ਬੰਦਾ (ਕੇਜਰੀਵਾਲ) ਆਪਣੇ ਸਾਰੇ ਵਾਅਦੇ ਪੂਰੇ ਕਰੇਗਾ। ਮੈਂ ਝੂਠੇ ਐਲਾਨ ਨਹੀਂ ਕਰਦਾ, ਕਿਉਂਕਿ ਮੇਰੀ ਨੀਅਤ ਕਾਲੀ ਨਹੀਂ ਅਤੇ ਮੇਰੀ ਨੀਅਤ ਸਾਫ਼ ਹੈ।ਸਭ ਨੂੰ ਪਤਾ ਹੈ ਕਿਸ ਦੀ ਨੀਅਤ ਕਾਲ਼ੀ ਹੈ।’’ ਕੇਜਰੀਵਾਲ ਨੇ ਆਪਣੇ ਜਵਾਬ ’ਚ ਕਿਹਾ ਕਿ ਜਦੋਂ ਤੋਂ ਉਨ੍ਹਾਂ ਕੇਜਰੀਵਾਲ ਨੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਮੁੱਖ ਮੰਤਰੀ ਚੰਨੀ ਉਨ੍ਹਾਂ ਨੂੰ ਗਾਲ਼ਾਂ ਕੱਢ ਰਹੇ ਹਨ।ਸਸਤੇ ਕੱਪੜੇ ਪਾਉਣ ਵਾਲਾ ਅਤੇ ਕਾਲ਼ੇ ਰੰਗ ਦਾ ਬੰਦਾ ਕਹਿ ਰਹੇ ਹਨ।‘ਆਪ’ ਸੁਪਰੀਮੋਂ ਨੇ ਕਿਹਾ, ‘‘ਮੇਰਾ ਰੰਗ ਕਾਲ਼ਾ ਹੈ।ਪਿੰਡ ਪਿੰਡ ਧੁੱਪ ’ਚ ਘੁੰਮ ਕੇ ਮੇਰਾ ਰੰਗ ਕਾਲ਼ਾ ਹੋ ਗਿਆ ਹੈ।ਮੈਂ ਚੰਨੀ ਸਾਬ ਦੀ ਤਰ੍ਹਾਂ ਹੈਲੀਕਾਪਟਰ ਵਿੱਚ ਨਹੀਂ ਘੁੰਮਦਾ ਆਸਮਾਨ ’ਚ ਨਹੀਂ ਉਡਦਾ।’’
ਇਸ ਮੌਕੇ ਭਗਵੰਤ ਮਾਨ, ਰਾਘਵ ਚੱਢਾ, ਹਰਪਾਲ ਸਿੰਘ ਚੀਮਾ, ਕੁਲਤਾਰ ਸਿੰਘ ਸੰਧਵਾਂ, ਜੈ ਸਿੰਘ ਰੋੜੀ, ਕੁੰਵਰ ਵਿਜੈ ਪ੍ਰਤਾਪ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਅਤੇ ਜੀਵਨਜੋਤ ਕੌਰ ਨੇ ‘ਆਪ’ ਸੁਪਰੀਮੋਂ ਕੇਜਰੀਵਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
Check Also
ਖਾਲਸਾ ਕਾਲਜ ਵੂਮੈਨ ਅਤੇ ਲੌਰੇਂਸ਼ੀਅਨ ਯੂਨੀਵਰਸਿਟੀ ਦਰਮਿਆਨ ਹੋਇਆ ਸਮਝੌਤਾ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਅਕਾਦਮਿਕ ਸਹਿਯੋਗ ਨੂੰ ਵਧਾਉਣ ਅਤੇ ਵਿਦਿਆਰਥੀਆਂ ਲਈ ਬਿਹਤਰ …