Friday, March 28, 2025

ਔਰਤਾਂ ਦੀ ਸੁਰੱਖਿਆ ਸਮਾਜ ਦੀ ਸਾਂਝੀ ਜ਼ਿੰਮੇਵਾਰੀ – ਕਿਰਨ ਬੇਦੀ

ਖ਼ਾਲਸਾ ਕਾਲਜ ਵੂਮੈਨ ਵਿਖੇ ਕਿਤਾਬ ਦਾ ਵਿਮੋਚਨ-ਜੋਸ਼ੋ-ਖਰੋਸ਼ ਨਾਲ ਸਵਾਗਤ

PPN1911201406
ਅੰਮ੍ਰਿਤਸਰ, 19 ਨਵੰਬਰ (ਪ੍ਰੀਤਮ ਸਿੰਘ)-ਅੱਜ ਜਿੱਥੇ ਦੇਸ਼ ਆਧੁਨਿਕਾਂ ਦੇ ਦੌਰ ਵਿੱਚ ਆਪਣੀ ਦਿੱਖ ਨੂੰ ਉਜਾਗਰ ਕਰ ਰਿਹਾ ਹੈ, ਉੱਥੇ ਔਰਤਾਂ ‘ਤੇ ਹੋ ਰਹੇ ਅੱਤਿਆਚਾਰ ਤੇ ਦਿਲ ਕੰਬਾਊ ਵਾਰਦਾਤਾਂ ਦੇਸ਼ ਨੂੰ ਸ਼ਰਮਸਾਰ ਕਰ ਰਹੀਆਂ ਹਨ ਹੈ। ਇਸ ਲਈ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਤੇ ਰਾਖੀ ਲਈ ਸੂਬੇ ਦੀਆਂ ਸਰਕਾਰਾਂ ਨੂੰ ਸੁਚੇਤ ਹੋਣ ਤੋਂ ਇਲਾਵਾ ਸਮਾਜ ਨੂੰ ਵੀ ਉਨ੍ਹਾਂ ਦੀ ਸੁਤੰਤਤਰ ਹੋਂਦ ਨੂੰ ਸਵੀਕਾਰ ਕਰਨਾ ਹੋਵੇਗਾ। ਇਹ ਸ਼ਬਦ ਦੇਸ਼ ਦੀ ਪਹਿਲੀ ਆਈ. ਪੀ. ਐੱਸ. ਮਹਿਲਾ ਪੁਲਿਸ ਅਫ਼ਸਰ ਸ੍ਰੀਮਤੀ ਕਿਰਨ ਬੇਦੀ ਨੇ ਅੱਜ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਆਪਣੀ ਨਵੀਂ ਕਿਤਾਬ ‘ਕਿਰਨ ਬੇਦੀ: ਮੇਕਿੰਗ ਆਫ਼ ਦਾ ਟਾਪ ਕਾਪ’ ਦੇ ਵਿਮੋਚਨ ਦੌਰਾਨ ਕਹੇ। ਉਨ੍ਹਾਂ ਨੇ ਜਿੱਥੇ ਕਾਲਜ ਦੀਆਂ ਵਿਦਿਆਰਣਾਂ ਨੂੰ ਸੰਬੋਧਨ ਕਰਦੇ ਹੋਏ ਔਰਤਾਂ ਦੇ ਹੱਕਾਂ ਦੀ ਰੱਖਿਆ ਲਈ ਯਤਨਸ਼ੀਲ ਹੋਣ ‘ਤੇ ਜ਼ੋਰ ਦਿੱਤਾ, ਉੱਥੇ ਕਿਹਾ ਕਿ ਸਮਾਜ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਮਾਜ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ, ਜਦ ਤੱਕ ਔਰਤਾਂ ਨੂੰ ਬਣਦਾ ਮਾਣ-ਸਨਮਾਨ ਉਸ ਸਮਾਜ ਵਿੱਚ ਨਹੀਂ ਮਿਲਦਾ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ਵਿੱਚ ਸਮੂੰਹ ਸਟਾਫ਼ ਤੇ ਵਿਦਿਆਰਥਣਾਂ ਸਾਹਮਣੇ ਜਾਹਿਰ ਕੀਤੇ ਆਪਣੇ ਤਜ਼ਰਬਿਆਂ ਦਾ ਜ਼ਿਕਰ ਕਰਦਿਆ ਕਿਰਨ ਬੇਦੀ ਨੇ ਕਿਹਾ ਕਿ ਔਰਤਾਂ ਨੂੰ ਆਤਮ-ਨਿਰਭਰ ਬਣਨਾ ਹੋਵੇਗਾ। ਪੱਤਰਕਾਰਾਂ ਦੁਆਰਾ ਪੁੱਛੇ ਜਾਣ ਦੇ ਜਵਾਬ ਵਿੱਚ ਸ੍ਰੀਮਤੀ ਬੇਦੀ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਕਾਫ਼ੀ ਉਚਿੱਤ ਕਦਮ ਚੁੱਕ ਰਹੀ ਹੈ, ਜਿਸਦੀ ਪ੍ਰਸੰਸਾ ਹੋਣੀ ਜਰੂਰੀ ਹੈ। ਉਨ੍ਹਾਂ ਮੋਦੀ ਸਰਕਾਰ ਦੀ ਪਿਛਲੀ 4 ਮਹੀਨ੍ਹਿਆਂ ਦੀ ਕਾਰਗੁਜ਼ਾਰੀ ‘ਤੇ ਸੰਤੁਸ਼ਟੀ ਜਾਹਿਰ ਕੀਤੀ। ਕਿਰਨ ਬੇਦੀ ਜਿਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸੰਨ 1970-72 ਵਿੱਚ ਲੈਕਚਰਾਰ ਦੇ ਤੌਰ ‘ਤੇ ਕੀਤੀ, ਨੇ ਕਿਹਾ ਕਿ ਉਨ੍ਹਾਂ ਦੀ ਕਿਤਾਬ ਉਨ੍ਹਾਂ ਦੇ ਆਪਣੇ ਜੀਵਨ ਬਾਰੇ ਰੁਬਰੂ ਕਰਵਾਉਂਦੀ ਹੈ। ਉਨ੍ਹਾਂ ਦੀ ਇਸ ਕਿਤਾਬ ਵਿੱਚ ਤਸਵੀਰਾਂ ਰਾਹੀਂ ਉਨ੍ਹਾਂ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਜੀਵਨ ਦਾ ਚਿੱਤਰਨ ਹੈ। ਇਹ ਕਿਤਾਬ ਉਨ੍ਹਾਂ ਦੀ ਛੋਟੀਆਂ ਭੈਣਾਂ ਡਾ. ਰੀਟਾ ਪਿਸ਼ਾਵਰੀਆ ਅਤੇ ਅਨੂੰ ਪਿਸ਼ਾਵਰੀਆਂ ਦੁਆਰਾ ਰਚਿਤ ਹੈ ਅਤੇ ਇਸਨੂੰ ਡਾ. ਅੰਮ੍ਰਿਤਾ ਬਹਿਲ ਨੇ ਐਡਿਟ ਕੀਤਾ ਹੈ।
ਸ: ਛੀਨਾ ਨੇ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨਾਲ ਮਿਲ ਕੇ ਸ੍ਰੀਮਤੀ ਬੇਦੀ ਦਾ ਕਾਲਜ ਦੇ ਵਿਹੜੇ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ। ਸ: ਛੀਨਾ ਨੇ ਕਿਹਾ ਕਿ ਬੇਦੀ ਜੋ ਕਿ ਇਮਾਨਦਾਰ ਅਤੇ ਪ੍ਰਭਾਵਸ਼ਾਲੀ ਵਿਅਕਤੀਤਵ ਦੀ ਮਾਲਕ ਹੈ, ਹਮੇਸ਼ਾਂ ਹੀ ਆਉਣ ਵਾਲੀ ਨੌਜਵਾਨ ਪੀੜੀ ਲਈ ਪ੍ਰੇਰਣਾ ਸਰੋਤ ਰਹੇ ਹਨ ਅਤੇ ਵਿਦਿਆਰਥਣਾਂ ਨੂੰ ਇਹ ਕਿਤਾਬ ਪੜ੍ਹਕੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦਾ ਹੈ। ਸ੍ਰੀਮਤੀ ਬੇਦੀ ਨੇ ਕਿਹ ਕਿ ਉਹ ਅੱਜ ਵੀ ਕਾਲਜ ਵਿਖੇ ਰਾਜਨੀਤੀ ਸ਼ਾਸ਼ਤਰ ਅਤੇ ਅੰਤਰ-ਰਾਸ਼ਟਰੀ ਰਿਸ਼ਤਿਆਂ ਬਾਰੇ ਵਿਸ਼ੇ ਨੂੰ ਪੜ੍ਹਾਉਣ ਦੇ ਚਾਹਵਾਨ ਹਨ। ਡਾ. ਮਾਹਲ ਨੇ ਉਨ੍ਹਾਂ ਦੇ ਖਾਸ ਭਾਸ਼ਣ ਕਰਵਾਕੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਲੰਬੇ ਤਜ਼ਰਬੇ ਤੋਂ ਸੇਧ ਲੈਣ ਲਈ ਉਤਸ਼ਾਹਿਤ ਕੀਤਾ।
ਸ੍ਰੀਮਤੀ ਬੇਦੀ ਨੇ ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਿਆਂ ਦੇ ਰੁਝਾਨ ਪ੍ਰਤੀ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਜੇਕਰ ਸਮੇਂ ਸਿਰ ਰਹਿ ਕੇ ਨਸ਼ਿਆ ਨੂੰ ਕਾਬੂ ਵਿੱਚ ਕਰ ਲਿਆ ਜਾਂਦਾ ਤਾਂ ਸ਼ਾਇਦ ਅੱਜ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਸੁਨਿਹਰਾ ਹੁੰਦਾ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply