9 ਰੋਜ਼ਾ ਪੁਸਤਕ ਮੇਲੇ ਦਾ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਕਰਨਗੇ ਉਦਘਾਟਨ
ਅੰਮ੍ਰਿਤਸਰ, 3 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਦੀ ਅਮੀਰ ਪ੍ਰੰਪਰਾ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਅਤੇ ਖਿੱਤੇ ਦੇ ਸਾਹਿਤ ਤੇ ਸਭਿਆਚਾਰ ਪ੍ਰੇਮੀਆਂ ਵਲੋਂ ਉਡੀਕਿਆ ਜਾ ਰਿਹਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਲੋਂ ਕਰਵਾਇਆ ਜਾਂਦਾ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2022’ ਇਸ ਸਾਲ 5 ਤੋਂ 13 ਮਾਰਚ ਤੱਕ ਹਰ ਰੋਜ਼ ਸਵੇਰੇ 10:30 ਵਜੇ ਕਰਵਾਇਆ ਜਾ ਰਿਹਾ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹ।ਭਾਰਤ ਦੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਕੌਮੀ ਅਦਾਰੇ ਨੈਸ਼ਨਲ ਬੁੱਕ ਟਰੱਸਟ (ਐਨ.ਬੀ.ਟੀ) ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਵਾਰ ਦੇ ਪੁਸਤਕ ਮੇਲੇ ਵਿੱਚ ਪੂਰੇ ਭਾਰਤ ਤੋਂ ਅੰਗਰੇਜ਼ੀ ਤੇ ਪੰਜਾਬੀ ਸਮੇਤ ਦੇਸ਼ ਦੀਆਂ ਸਾਰੀਆਂ ਹੀ ਭਾਸ਼ਾਵਾਂ ਦੇ 100 ਦੇ ਕਰੀਬ ਪ੍ਰਕਾਸ਼ਕ ਪਹੁੰਚ ਰਹੇ ਹਨ।
ਉਨ੍ਹਾਂ ਦੱਸਆ ਕਿ ਮੇਲੇ ਦਾ ਉਦਘਾਟਨ ਕਰਨ ਲਈ ਪੰਜਾਬ ਦੇ ਮਾਨਯੋਗ ਗਵਰਨਰ ਬਨਵਾਰੀ ਲਾਲ ਪੁਰੋਹਿਤ ਉਚੇਚੇ ਤੌਰ ’ਤੇ ਅਤੇ ਉਤਸਵ ਦੇ ਸਰਪ੍ਰਸਤ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਅਸ਼ੀਰਵਾਦ ਦੇਣ ਪਹੁੰਚ ਰਹੇ ਹਨ।ਰਜਿੰਦਰ ਮੋਹਨ ਸਿੰਘ ਛੀਨਾ ਆਨਰੇਰੀ ਸਕੱਤਰ ਸਮਾਗਮ ਦੀ ਪ੍ਰਧਾਨਗੀ ਕਰਨਗੇ।ਡਾ. ਸੁਰਜੀਤ ਪਾਤਰ ਚੇਅਰਪਰਸਨ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ, ਪ੍ਰੋ. ਗੋਵਿੰਦ ਪ੍ਰਸਾਦ ਸ਼ਰਮਾ ਚੇਅਰਮੈਨ ਐਨ.ਬੀ.ਟੀ ਭਾਰਤ ਸਰਕਾਰ, ਯੁਵਰਾਜ ਮਲਿਕ ਡਾਇਰੈਕਟਰ, ਐਨ.ਬੀ.ਟੀ ਭਾਰਤ ਸਰਕਾਰ ਵਿਸ਼ੇਸ਼ ਮਹਿਮਾਨ ਹੋਣਗੇ।ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਉਪ-ਚੇਅਰਮੈਨ ਡਾ. ਯੋਗਰਾਜ, ਸਕੱਤਰ ਜਰਨਲ ਡਾ. ਲਖਵਿੰਦਰ ਜੌਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਵਿਸ਼ੇਸ਼ ਸ਼ਮੂਲੀਅਤ ਹੋਵੇਗੀ।ਪ੍ਰਿੰਸੀਪਲ ਡਾ. ਮਹਿਲ ਸਿੰਘ ਸੁਆਗਤੀ ਅਤੇ ਧੰਨਵਾਦੀ ਸ਼ਬਦ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਕਹਿਣਗੇ। ਉਦਾਘਟਨੀ ਸਮਾਰੋਹ ਦੌਰਾਨ ਸਾਹਿਤਕ ਖੋਜ਼ ਮੈਗਜ਼ੀਨ ਸੰੰਵਾਦ ਦਾ 16ਵਾਂ ਅੰਕ ਅਤੇ ਪੁਸਤਕ ‘ਪੰਜਾਬ: ਚੰਗੇ ਭਵਿੱਖ ਦੀ ਤਲਾਸ਼’ ਕਰਦਿਆਂ ਰਲੀਜ਼ ਕੀਤੇ ਜਾਣਗੇ।
ਇਸ ਮੌਕੇ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਮੈਡਮ ਸੁਖਮੀਨ ਬੇਦੀ, ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ ਅਤੇ ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ਵੀ ਹਾਜ਼ਰ ਸਨ।