Thursday, January 2, 2025

ਅਣਖੀ ਜਵਾਨ

ਲੋਕੋ ਜ਼ੁਲਮ ਨਹੀਂ ਸਹਿਣਾ ਸਿੱਖਿਆ ਕਦੇ ਜਵਾਨਾਂ ਨੇ।
ਅਣਖ ਇਜ਼ਤ ਨਾਲ ਰਹਿਣਾ ਸਿੱਖਿਆ ਤਦੇ ਜਵਾਨਾਂ ਨੇ।
ਗਿੱਧੇ ਭੰਗੜੇ ਕਿੱਕਲੀ ਜਿਥੇ ਮੇਲੇ ਲੱਗਦੇ ਸੀ।
ਚਾਵਾਂ ਰੀਝਾਂ ਖੁਸ਼ੀਆਂ ਦੇ ਦਰਿਆ ਪਏ ਵਗਦੇ ਸੀ।
ਲੱਗੀ ਨਜ਼ਰ ਜ਼ਮਾਨੇ ਦੀ ਤੇ ਪੈ ਗਈਆਂ ਉਜਾੜਾਂ।
ਮੁਗ਼ਲਾਂ ਤੁਰਕਾਂ ਗਜ਼ਨਵੀਆਂ ਦੀਆਂ ਪੈਂਦੀਆਂ ਰਹੀਆਂ ਮਾਰਾਂ।
ਲੁੱਟ ਕੇ ਖਾ ਲਿਆ ਸੋਨ-ਚਿੜੀ ਨੂੰ ਧਾੜਵੀਆਂ ਅਫ਼ਗਾਨਾਂ ਨੇ।
ਲੋਕੋ ਜ਼ੁਲਮ ਨਹੀਂ ਸਹਿਣਾ ਸਿੱਖਿਆ ਕਦੇ ਜਵਾਨਾਂ ਨੇ।

ਫਿਰ ਅੰਗਰੇਜ਼ਾਂ ਦੀ ਹਕੂਮਤ ਹਿੰਦੁਸਤਾਨੀਆਂ ਵੇਖੀ।
ਲੋਕਾਂ ਉਤੇ ਜ਼ੁਲਮ ਕਮਾਇਆ ਬਣ ਕੇ ਘਰ ਦੇ ਭੇਤੀ।
ਹਿੰਦੂ ਮੁਸਲਿਮ ਭਰਤੀ ਕਰ ਲਏ ਜ਼ੁਲਮ ਅਨੋਖਾ ਕੀਤਾ।
ਗਊ ਸੂਰ ਦਾ ਚਮੜਾ ਲਾਇਆ ਬੰਦੂਕਾਂ ‘ਤੇ ਫੀਤਾ।
ਕਰ ਦਿੱਤਾ ਵਿਦਰੋਹ ਫਿਰ ਮੰਗਲ ਪਾਂਡੇ ਜਿਹੇ ਇਨਸਾਨਾਂ ਨੇ।
ਲੋਕੋ ਜ਼ੁਲਮ ਨਹੀਂ ਸਹਿਣਾ ਸਿੱਖਿਆ ਕਦੇ ਜਵਾਨਾਂ ਨੇ।

ਜਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਕਦੇ ਵੀ ਭੁੱਲਦਾ ਨਹੀਂ।
ਦੇਸ ਕੌਮ ਲਈ ਸੂਰਬੀਰਾਂ ਦਾ ਖੂਨ ਅਜ਼ਾਈਂ ਡੁੱਲ੍ਹਦਾ ਨਹੀਂ।
ਨਿਰਦੋਸ਼ਾਂ ‘ਤੇ ਗੋਲੀ ਚੱਲੀ ਸੀ ਅੰਗਰੇਜ਼ਾਂ ਦੀ।
ਗੱਲ ਨਹੀਂ ਇਤਿਹਾਸ ‘ਚ ਹੋਈ ਪਹਿਲਾਂ ਕਦੇ ਵੀ ਏਦਾਂ ਦੀ।
ਊਧਮ ਸਿੰਘ ਕਹਿੰਦਾ ਨਹੀਂ ਛੱਡਣਾ ਜਿਸ ਨੇ ਲਈਆਂ ਜਾਨਾਂ ਨੇ।
ਲੋਕੋ ਜ਼ੁਲਮ ਨਹੀਂ ਸਹਿਣਾ ਸਿੱਖਿਆ ਕਦੇ ਜਵਾਨਾਂ ਨੇ।

ਗ਼ਦਰ ਅੰਦੋਲਨ ਚੱਲਿਆ ਕੀਤੇ ਗੋਰਿਆਂ ਦੇ ਦੰਦ ਖੱਟੇ।
ਕਹਿੰਦੇ ਇਥੋਂ ਕੱਢ ਕੇ ਛੱਡਣਾ ਸਾਰੇ ਹੋ ਗਏ ਕੱਠੇ।
ਕਰਤਾਰ ਸਿੰਘ ਸਰਾਭੇ ਵਰਗੇ ਫਾਂਸੀ ਚੜ੍ਹੇ ਦੀਵਾਨੇ।
ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਆਜ਼ਾਦੀ ਦੇ ਪਰਵਾਨੇ।
ਦੇਸ ਆਜ਼ਾਦ ਕਰਾ ਕੇ ਛੱਡਿਆ ਸੂਰਬੀਰਾਂ ਬਲਵਾਨਾਂ ਨੇ।
ਲੋਕੋ ਜ਼ੁਲਮ ਨਹੀਂ ਸਹਿਣਾ ਸਿੱਖਿਆ ਕਦੇ ਜਵਾਨਾਂ ਨੇ।

ਪਾੜੋ ਰਾਜ ਕਰੋ ਦੀ ਨੀਤੀ ਪਾ ਗਈ ਫਿਰ ਵੰਡਾਂ।
ਏਨੀਆਂ ਗੂੜ੍ਹੀਆਂ ਸਾਂਝਾਂ ਵਾਲੀਆਂ ਖੁੱਲ੍ਹ ਗਈਆਂ ਸੀ ਗੰਢਾਂ।
ਲੁੱਟਾਂ ਖੋਹਾਂ ਕਤਲੋਗਾਰਤ ਧੀਆਂ ਭੈਣਾਂ ਮਾਵਾਂ।
ਧਰਤੀ ਵੰਡ ਲਈ ਪਾਣੀ ਵੰਡ ਲਏ ਵੰਡ ਲਈਆਂ ਨੇ ਛਾਵਾਂ।
ਲ਼ੱਖਾਂ ਬਲੀਆਂ ਮੰਗੀਆਂ ਇਹਨਾਂ ਹਿੰਦ-ਪਾਕਿਸਤਾਨਾਂ ਨੇ।
ਲੋਕੋ ਜ਼ੁਲਮ ਨਹੀਂ ਸਹਿਣਾ ਸਿੱਖਿਆ ਕਦੇ ਜਵਾਨਾਂ ਨੇ।

ਆਜ਼ਾਦੀ ਤੋਂ ਪਿਛੋਂ ਵੀ ਨੇ ਕਈ ਅਨਹੋਣੀਆਂ ਹੋਈਆਂ।
ਹੋਏ ਜ਼ੁਲਮ ਬਥੇਰੇ ਇਥੇ ਲੱਖਾਂ ਸੱਧਰਾਂ ਮੋਈਆਂ।
ਹੱਕਾਂ ਦੀ ਰਾਖੀ ਲਈ ਯੋਧੇ ਲੜਦੇ ਰਹੇ ਹਮੇਸ਼ਾਂ।
ਪਾਕਿਸਤਾਨ ਤੇ ਚੀਨ ਨਾਲ ਵੀ ਕੀਤੇ ਯੁੱਧ ਅਨੇਕਾਂ।
ਪਾਈ ਸ਼ਹੀਦੀ ਰਲ ਕੇ ਹਿੰਦੂਆਂ, ਸਿੱਖਾਂ ਮੁਸਲਮਾਨਾਂ ਨੇ।
ਲੋਕੋ ਜ਼ੁਲਮ ਨਹੀਂ ਸਹਿਣਾ ਸਿੱਖਿਆ ਕਦੇ ਜਵਾਨਾ ਨੇ। 2203202201

ਡਾ. ਆਤਮਾ ਸਿੰਘ ਗਿੱਲ
ਮੋ- 9878883680

Check Also

ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …