ਨਵੇਂ ਸਵੇਰੇ ਨਵੀਆਂ ਗੱਲਾਂ
ਲੈ ਕੇ ਆ ਗਈ ਸਭ ਦੇ ਕੋਲ।
ਮੈਂ ਆਜ਼ਾਦੀ ਰਹੀ ਹਾਂ ਬੋਲ।
ਰਾਜਗੁਰੂ ਸੁਖਦੇਵ ਭਗਤ ਸਿੰਘ
ਲੈ ਕੇ ਆਏ ਆਜ਼ਾਦੀ।
ਸਾਡੀ ਖਾਤਿਰ ਚੜ੍ਹ ਗਏ ਫਾਂਸੀ
ਐਸੀ ਸਹੁੰ ਸੀ ਖਾਧੀ।
ਵੇਖੋ ਅੱਜ ਉਹਨਾਂ ਦੇ ਸੁਪਨੇ
ਗਏ ਨੇ ਸਾਰੇ ਡੋਲ।
ਮੈਂ ਆਜ਼ਾਦੀ ਰਹੀ ਹਾਂ ਬੋਲ।
ਵੰਡੇ ਗਏ ਸੀ ਪਾਣੀ ਸਾਂਝੇ
ਖਿੱਚੀਆਂ ਜਦੋਂ ਲਕੀਰਾਂ।
ਹਿੰਦੂ, ਮੁਸਲਿਮ, ਸਿੱਖ, ਈਸਾਈ
ਹੋ ਗਏ ਲੀਰਾਂ ਲੀਰਾਂ।
ਐਸੀ ਪਾਈ ਫੁੱਟ ਫਿਰੰਗੀਆਂ
ਜ਼ਹਿਰ ਦਿੱਤਾ ਸੀ ਘੋਲ।
ਮੈਂ ਆਜ਼ਾਦੀ ਰਹੀ ਹਾਂ ਬੋਲ।
ਅਮਨਾਂ ਦੀ ਹੁਣ ਗੱਲ ਕਰੋ
ਲੋੜ ਨਹੀਂ ਸਾਨੂੰ ਜੰਗਾਂ ਦੀ।
ਸੰਤਾਲੀ ਵਾਂਗੂੰ ਹੋਰ ਨਾ ਖੇਡੋ
ਹੋਲੀ ਖੂਨ ਦੇ ਰੰਗਾਂ ਦੀ।
ਮੇਟ ਦੇਵੋ ਸਭ ਲੀਕਾਂ ਵਾਹੀਆਂ
ਬਾਰਡਰ ਦੇਵੋ ਖੋਲ੍ਹ
ਮੈਂ ਆਜ਼ਾਦੀ ਰਹੀ ਹਾਂ ਬੋਲ।
ਉਠੋ ਮੇਰੇ ਹਿੰਦ ਵਾਸੀਓ
ਵਤਨ ਦੀ ਕਰੀਏ ਰਾਖੀ।
ਅਮਨ ਚੈਨ ਦੇ ਨਾਅਰੇ ਲਾਈਏ
ਦੁਸ਼ਮਣ ਰਹੇ ਨਾ ਬਾਕੀ।
ਰਲ਼ ਕੇ ਗੀਤ ਖੁਸ਼ੀ ਦੇ ਗਾਈਏ
`ਪਾਲ` ਵਜਾਈਏ ਢੋਲ।
ਮੈਂ ਆਜ਼ਾਦੀ ਰਹੀ ਹਾਂ ਬੋਲ।
ਮਰਕਸ ਪਾਲ ਗੁਮਟਾਲਾ
ਖਾਲਸਾ ਕਾਲਜ ਸੀਨੀ. ਸੈਕੰ. ਸਕੂਲ
ਅੰਮ੍ਰਿਤਸਰ। ਮੋ- 9872070182