ਔਖੇ ਵੇਲੇ ਜੇ ਬੰਦਾ ਕਿਸੇ ਦੇ ਕੰਮ ਨਾ ਆਇਆ ਤਾਂ ਕੀ ਫਾਇਦਾ ਹੋਇਆ ਜਾਣ ਪਛਾਣ ਦਾ, ਤੈਨੂੰ ਪੈਸਿਆਂ ਦੀ ਲੋੜ ਏ ਤਾਂ ਕੋਈ ਗੱਲ ਨੀਂ, ਲੈ ਜਾ।ਪਰ ਥੋੜ੍ਹੀ ਜਿਹੀ ਲਿਖਤ ਤਾਂ ਕਰਨੀ ਪੈਣੀ ਏ।ਇਹ ਕਹਿੰਦੇ ਹੋਏ ਬੰਤੀ ਨੇ ਸੰਤੀ ਨੂੰ ਦੱਸ ਹਜ਼ਾਰ ਦੇ ਦਿੱਤੇ ਤੇ ਘਰ ਗਹਿਣੇ ਰੱਖ ਕੇ ਸੋਲਾਂ ਹਜ਼ਾਰ ਤੇ ਅੰਗੂਠਾ ਅਸ਼ਟਾਮ ‘ਤੇ ਲਗਵਾ ਲਿਆ।ਹੱਕੀ-ਬੱਕੀ ਹੋਈ ਸੰਤੀ ਕਹਿੰਦੀ ਲਿਆ ਤਾਂ ਮੈਂ ਦੱਸ ਹਜ਼ਾਰ ਏ।ਜਿਸ ਦੇ ਜਵਾਬ ‘ਚ ਬੰਤੀ ਬੜੀ ਹਮਦਰਦੀ ਤੇ ਅਹਿਸਾਨ ਨਾਲ ਕਹਿੰਦੀ ਕਿ ਲੋਕੀਂ ਤਾਂ ਬੜਾ ਲਈ ਜਾਂਦੇ ਨੇ ਵਿਆਜ, ਪਰ ਤੂੰ ਗਰੀਬਣੀ ਏ ਇਸ ਲਈ ਜੇ ਪੰਜ ਪ੍ਰਤੀਸ਼ਤ ਨਾਲ ਵੀ ਲਵਾਂ ਤਾਂ ਹਿਸਾਬ ਲਾ ਕੇ ਵੇਖ ਮਹੀਨੇ ਦਾ ਪੰਜ ਸੌ ਬਣਦਾ ਐ ਤੇ ਸਾਲ ਦੇ ਛੇ ਹਜ਼ਾਰ ਹੋਏ।ਇਸੇ ਲਈ ਸੋਲਾਂ ਲਿਖ ਦਿੱਤਾ ਏ। ਨਾਲੇ ਇਹ ਲਿਖਤ ਤਾਂ ਬੱਸ ਯਾਦ ਰੱਖਣ ਲਈ ਹੁੰਦੀ ਏ।ਮੈਂ ਤਾਂ ਤੇਰੇ ਮਾੜੇ ਟਾਈਮ ‘ਚ ਤੇਰਾ ਸਾਥ ਹੀ ਦੇ ਰਹੀ ਹਾਂ। ਮਾੜੇ ਟਾਈਮ ‘ਚ ਦਿੱਤੇ ਸਾਥ ਦੇ ਅਹਿਸਾਨ ਦਾ ਬੋਝ, ਦੱਸ ਹਜ਼ਾਰ ਲੈ ਕੇ ਸੋਲਾਂ ਹਜ਼ਾਰ ਦੇਣ ਦਾ ਇਕਰਾਰ ਅਤੇ ਘਰ ਨੂੰ ਗਹਿਣੇ ਲਿਖਾ ਕੇ ਘਰ ਨੂੰ ਜਾ ਰਹੀ ਸੰਤੀ ਨੂੰ ਸਮਝ ਨਹੀਂ ਆ ਰਹੀ ਸੀ ਕਿ ਇੱਕ ਸਾਲ ‘ਚ ਦੱਸ ਹਜ਼ਾਰ ਦਾ ਸੋਲਾਂ ਕਿੱਦਾ ਬਣ ਗਿਆ. ਜਦੋਂ ਕਿ ਬੈਂਕ ‘ਚ ਪਏ ਦੱਸ ਹਜ਼ਾਰ ਦਾ ਤਾਂ ਸਾਲ ਬਾਅਦ ਹੁਣ ਦਸ ਹਾਜ਼ਰ ਪੰਜ ਸੌ ਵੀ ਨੀ ਬਣਦਾ।2203202203
ਮਨਜੀਤ ਸਿੰਘ ਸੋਂਦ
ਮੋ- 98037-61451