Sunday, December 22, 2024

ਯੁਵਕ ਮੇਲੇ ਵਿੱਚ ਲਾਇਲਪੁਰ ਖਾਲਸਾ ਕਾਲਜ ਦੀ ਇਤਿਹਾਸਕ ਸਭਿਆਚਾਰਕ ਪ੍ਰਾਪਤੀ

Yuvak Mela Article1

ਵਿਸ਼ੇਸ਼ ਰਿਪੋਰਟ
– ਪ੍ਰੋ: ਸੁਦੀਪ ਸਿੰਘ ਢਿੱਲੋਂ

ਸਾਲ ਦਾ ਇਹ ਸਮਾਂ ਯੁਵਕ ਮੇਲਿਆਂ ਦਾ ਸਮਾਂ ਹੁੰਦਾ ਹੈ ਜਿੱਥੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀ ਇੱਕ ਵੱਡੇ ਮੰਚ ਉੱਤੇ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਹਨ।ਇਹ ਓਹੀ ਮੰਚ ਹਨ ਜਿੱਥੋਂ ਅਮਰਿੰਦਰ ਗਿੱਲ ਅਤੇ ਕਪਿਲ ਸ਼ਰਮਾ ਵਾਂਗ ਮੌਜੂਦਾ ਸਮੇਂ ਦੇ ਕਈ ਨਾਮਵਰ ਕਲਾਕਾਰ ਪਹਿਲੀ ਵਾਰ ਸਟੇਜ ਉੱਤੇ ਚਮਕੇ ਸਨ ਅਤੇ ਅੱਜ ਸਾਰੇ ਜਗ ਵਿੱਚ ਚਮਕ ਰਹੇ ਹਨ । ਜਦੋਂ ਗੱਲ ਯੁਵਕ ਮੇਲਿਆਂ ਦੀ ਤੁਰਦੀ ਹੈ ਤਾਂ ਸਭ ਤੋਂ ਪਹਿਲਾ ਜ਼ਿਕਰ ਅਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕਰਨਾ ਬਣਦਾ ਹੈ ਜਿਸ ਉੱਤੇ ਪੂਰੇ ਪੰਜਾਬ ਦੀ ਨਜ਼ਰ ਰਹਿੰਦੀ ਹੈ ਅਤੇ ਇੱਥੋਂ ਹੀ ਸਭ ਤੋਂ ਜ਼ਿਆਦਾ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਉਂਦੀ ਹੈ । ਹਰ ਵਾਰ ਦੀ ਤਰਾਂ ਇਸ ਵਾਰ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਜ਼ੋਨਲ ਯੁਵਕ ਮੇਲਾ ਯੂਨੀਵਰਸਿਟੀ ਦੇ ਪ੍ਰਸਿਧ ਦਸਮੇਸ਼ ਆਡੀਟੋਰੀਅਮ ਵਿਖੇ ਕਰਵਾਇਆ ਗਿਆ । ਖਾਸ ਗੱਲ ਇਹ ਸੀ ਕਿ ਇਸ ਵਾਰ ਇਨ੍ਹਾਂ ਮੁਕਾਬਲਿਆਂ ਦੀ ਓਵਰਆਲ ਚੈਪੀਅਨਸ਼ਿਪ ਟਰਾਫੀ ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਲਗਪਗ ਸਾਰੇ ਮੁਕਾਬਲਿਆਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਦੇ ਹੋਏ ਹਾਸਲ ਕੀਤੀ ।
ਲਾਇਲਪੁਰ ਖਾਲਸਾ ਕਾਲਜ ਨੇ ਇਤਿਹਾਸ ਵਿੱਚ ਪਹਿਲੀ ਵਾਰ ਯੁਵਕ ਮੇਲਿਆਂ ਦੌਰਾਨ ਏਸ ਤਰਾਂ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਪਰ ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਸ ਕੰਮ ਲਈ ਲਾਇਲਪੁਰ ਖਾਲਸਾ ਕਾਲਜ ਨੇ ਬਹੁਤ ਮਿਹਨਤ ਕੀਤੀ ਅਤੇ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਲਗਾਤਾਰ ਜਿੱਤਦੇ ਆ ਰਹੇ ਸ਼ਹਿਰ ਦੇ ਇੱਕ ਹੋਰ ਕਾਲਜ, ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਨੂੰ ਪਛਾੜਿਆ ਅਤੇ ਨਾਲ ਦੀ ਨਾਲ ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅਮ੍ਰਿਤਸਰ ਅਤੇ ਡੀ.ਏ.ਵੀ ਕਾਲਜ, ਜਲੰਧਰ ਵਰਗੇ ਹੋਰ ਮਜ਼ਬੂਤ ਵਿਰੋਧੀਆਂ ਨੂੰ ਵੀ ਪਿੱਛੇ ਛੱਡ ਕੇ ਜਿੱਤ ਪ੍ਰਾਪਤ ਕੀਤੀ । ਯੂਨੀਵਰਸਿਟੀ ਦੇ ਅੰਤਰ ਜ਼ੋਨਲ ਯੁਵਕ ਮੇਲੇ ਵਿਚ ਹੋਏ ਵੱਖ ਵੱਖ ਇੰਵਟ ਵਿਚੋਂ ਪਹਿਲੇ ਅਤੇ ਦੂਜੇ ਦਿਨ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ 18 ਇੰਵਟ ਵਿਚ ਭਾਗ ਲਿਆ ਸੀ ਜਿਸ ਵਿਚ 12 ਇੰਵਟ ਵਿਚ ਪਹਿਲਾ ਸਥਾਨ ਅਤੇ 4 ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਜਿੱਤ ਦੀ ਲੜੀ ਨੂੰ ਹੋਰ ਅੱਗੇ ਤੋਰਿਆ । ਇਸ ਉਪਰੰਤ ਮਿਤੀ 27 ਅਕਤੂਬਰ ਨੂੰ ਹੋਏ 15 ਇੰਵਟ ਵਿਚੋਂ ਭੰਗੜਾ, ਗਰੁੱਪ ਸੌਂਗ, ਮਾਇਮ, ਗਰੁੱਪ ਸ਼ਬਦ ਗਾਇਨ, ਵਾਰ ਗਾਇਨ, ਕਾਰਟੂਨਿੰਗ, ਪੋਸਟਰ ਮੇਕਿੰਗ, ਕੋਲਾਜ, ਕਲੇਅ ਮਾਡਲਿੰਗ ਅਤੇ ਇਨਸਟਾਲੇਸ਼ਨ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਕਵੀਸ਼ਰੀ ਗਾਇਨ, ਪੇਂਟਿੰਗ, ਫੋਟੋਗ੍ਰਾਫੀ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ । ਅੰਤਰ ਜ਼ੋਨਲ ਯੁਵਕ ਮੇਲੇ ਦੇ ਦੂਜੇ ਦਿਨ ਮਿਤੀ 28 ਅਕਤੂਬਰ ਨੂੰ ਰੰਗੋਲੀ ਅਤੇ ਗ਼ਜ਼ਲ ਵਿਚੋਂ ਪਹਿਲਾ ਅਤੇ ਗੀਤ ਵਿਚੋਂ ਦੂਸਰਾ ਸਥਾਨ ਪ੍ਰਾਪਤ ਕਰਦਿਆਂ ਕਾਲਜ ਨੇ ਆਪਣੀ ਜਿੱਤ ਪੱਕੀ ਕਰ ਲਈ ਸੀ ।

Yuvak Mela Article2
ਅੰਤਰ ਜੋਨਲ ਮੁਕਾਬਲਿਆਂ ਵਿੱਚ ਲਾਇਲਪੁਰ ਖਾਲਸਾ ਕਾਲਜ ਦੀ ਇਹ ਜਿੱਤ ਅਚਾਨਕ ਹੀ ਨਹੀਂ ਆਈ ਬਲਕਿ ਇਸ ਜਿੱਤ ਦੇ ਨੀਂਹ ਓਸ ਵੇਲੇ ਹੀ ਰੱਖੀ ਗਈ ਸੀ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਮੇਲੇ ਦੇ ਪਹਿਲੇ ਹੀ ਦਿਨ ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ 12 ਮੁਕਾਬਲਿਆਂ ਵਿੱਚੋਂ 11 ਵਿੱਚ ਪਹਿਲਾ ਸਥਾਨ ਅਤੇ ਇਕ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ ਸੀ । ਇਹ ਮੁਕਾਬਲੇ 12 ਅਕਤੂਬਰ ਨੂੰ ਸ਼ੁਰੂ ਹੋਏ ਸਨ ਅਤੇ ਇਸ ਦਿਨ ਹੋਏ 12 ਮੁਕਾਬਲਿਆਂ ਵਿੱਚੋਂ ਭੰਗੜਾ, ਫੋਟੋਗ੍ਰਾਫੀ, ਕਲੇਅ ਮਾਡਲਿੰਗ, ਕਾਰਟੂਨਿੰਗ, ਕੋਲਾਜ, ਸਮੂਹ ਗਾਨ, ਸ਼ਬਦ ਗਾਇਨ, ਵਾਰ ਗਾਇਨ, ਪੋਸਟਰ ਮੇਕਿੰਗ, ਪੇਂਟਿੰਗ ਅਤੇ ਇਨਸਟਾਲੇਸ਼ਨ ਮੁਕਾਬਲਿਆਂ ਵਿੱਚ ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕਵੀਸ਼ਰੀ ਗਾਇਨ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕਰਦਿਆਂ ਆਪਣੀ ਜਿੱਤ ਦੇ ਸੰਕੇਤ ਪਹਿਲੇ ਦਿਨ ਹੀ ਦੇ ਦਿੱਤੇ ਸਨ । ਇਸ ਜਿੱਤ ਦੇ ਨਾਲ ਨਾਲ ਇਹ ਵੀ ਵੱਡੀ ਗੱਲ ਸੀ ਕਿ ਕਾਲਜ ਦੀ ਭੰਗੜਾ ਟੀਮ ਦੇ ਦੋ ਵਿਦਿਆਰਥੀ ਹਰਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਸਭ ਤੋਂ ਵਧੀਆ ਨਾਚ ਕਲਾਕਾਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ ।
ਲਾਇਲਪੁਰ ਖਾਲਸਾ ਕਾਲਜ ਨੇ ਜਿੱਥੇ ਇਹ ਸ਼ਾਨਦਾਰ ਪ੍ਰਾਪਤੀ ਕਰਦੇ ਹੋਏ ਜਿੱਤ ਹਾਸਲ ਕੀਤੀ ਹੈ ਓੱਥੇ ਇਸ ਸਦਕਾ ਇੱਕ ਹੋਰ ਵੱਡੀ ਪ੍ਰਾਪਤੀ ਇਹ ਵੀ ਹੋਈ ਹੈ ਕਿ ਏਸ ਮੇਲੇ ਦੀ ਜੇਤੂ ਟੀਮ ਹੋਣ ਦੇ ਨਾਤੇ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਜੰਮੂ ਵਿਖੇ ਹੋਣ ਵਾਲੀ ਨਾਰਥ ਜ਼ੋਨ ਇੰਟਰ-ਯੂਨੀਵਰਸਿਟੀ ਮੁਕਾਬਲਿਆਂ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਨਗੇ । ਇਸ ਨਵੇਂ ਮੁਕਾਮ ਉੱਤੇ ਲਾਇਲਪੁਰ ਖਾਲਸਾ ਕਾਲਜ ਦੇ ਜੇਤੂ ਖਿਡਾਰੀਆਂ ਨੂੰ ਆਪਣੇ ਜੌਹਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਵਿਖਾਉਣ ਦਾ ਮੌਕਾ ਮਿਲੇਗਾ ਅਤੇ ਇਸ ਰਾਹੀਂ ਆਪਣੀ ਕਲਾ ਨੂੰ ਹੋਰ ਨਿਖਾਰਨ ਦਾ ਮੌਕਾ ਵੀ ਮਿਲੇਗਾ ।
ਕਾਲਜ ਦੀ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਇਸ ਸ਼ਾਨਦਾਰ ਪ੍ਰਾਪਤੀ ਉੱਤੇ ਵਧਾਈ ਦੇ ਹੱਕਦਾਰ ਹਨ ਜਿਨਾਂ ਨੇ ਹਮੇਸ਼ਾ ਕਾਲਜ ਅਤੇ ਕਾਲਜ ਨਾਲ ਸਬੰਧਤ ਹਰ ਵਿਅਕਤੀ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ । ਕਾਲਜ ਦੇ ਸੱਭਿਆਚਾਰਕ ਗਤੀਵਿਧੀਆਂ ਦੇ ਡੀਨ ਡਾ. ਰਛਪਾਲ ਸਿੰਘ ਸੰਧੂ, ਉਨਾਂ ਦੇ ਅਧਿਆਪਕ ਸਾਥੀਆਂ ਤੇ ਇਨਾਮ ਜੇਤੂ ਵਿਦਿਆਰਥੀਆਂ ਨੂੰ ਵਧਾਈ ਦੇਣੀ ਬਣਦੀ ਹੈ ਜਿਨਾਂ ਨੇ ਲਗਾਤਾਰ ਜੀਅ-ਤੋੜ ਮਿਹਨਤ ਕਰਦਿਆਂ ਇਸ ਕਾਰਜ ਨੂੰ ਨੇਪਰੇ ਚਾੜਿਆ । ਕਾਲਜ ਦੇ ਸਭਿਆਚਾਰਕ ਗਤੀਵਿਧੀਆਂ ਦੇ ਡਾਇਰੈਕਟਰ ਕਲਚਰਲ ਅਫੇਅਰਸ ਡਾ. ਅਰੁਣ ਮਿਸ਼ਰਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਜਿਨਾਂ ਨੇ ਯੋਗ ਵਿਦਿਆਰਥੀਆਂ ਦੀ ਚੋਣ ਕਰਦੇ ਹੋਏ ਮੁਕਾਬਲੇ ਵਿੱਚ ਅੱਗੇ ਲਿਆਂਦਾ । ਇਸ ਅਹਿਮ ਪ੍ਰਾਪਤੀ ਲਈ ਸਮੁੱਚੇ ਅਦਾਰੇ ਨੇ ਬਾਖੂਬੀ ਕੰਮ ਕੀਤਾ ਹੈ ਅਤੇ ਦਿਨ-ਰਾਤ ਵਿਦਿਆਰਥੀਆਂ ਨੂੰ ਕਰਵਾਈ ਗਈ ਮਿਹਨਤ ਰੰਗ ਲਿਆਈ ਹੈ। ਵਿਦਿਆਰਥੀਆਂ ਨੇ ਇਹ ਇਤਿਹਾਸਕ ਪ੍ਰਾਪਤੀ ਕੀਤੀ ਹੈ, ਜਿਸ ਉੱਤੇ ਕਾਲਜ ਅਤੇ ਪੂਰੇ ਇਲਾਕੇ ਨੂੰ ਸਦਾ ਮਾਣ ਰਹੇਗਾ ਕਿਉਂਕਿ ਪੂਰੇ ਪੰਜਾਬ ਦੇ ਕਾਲਜਾਂ ਵਿੱਚੋਂ ਪਹਿਲੇ ਨੰਬਰ ਉੱਤੇ ਆਉਣਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਅਸਲ ਵਿਚ ਕਲਾ ਤਾਂ ਹਰੇਕ ਵਿਦਿਆਰਥੀ ਵਿਚ ਹੋ ਸਕਦੀ ਹੈ ਪਰ ਉਸ ਨੂੰ ਤਰਾਸ਼ਣਾ ਪੈਂਦਾ ਹੈ ਅਤੇ ਇਹ ਕਲਾ ਤਰਾਸ਼ਣ ਦਾ ਕੰਮ, ਲਾਇਲਪੁਰ ਖਾਲਸਾ ਕਾਲਜ ਨੇ ਕਰ ਵਿਖਾਇਆ ਹੈ ਜੋ ਕਾਲਜ ਦੀ ਓਵਰਆਲ ਜੇਤੂ ਟ੍ਰਾਫ਼ੀ ਦੇ ਰੂਪ ਵਿੱਚ ਸਭ ਦੇ ਸਾਹਮਣੇ ਹੈ ।
ਵਾਕਈ, ਇਸ ਵਾਰ ਦੇ ਯੁਵਕ ਮੇਲੇ ਵਿੱਚ ਸਿਰੜ ਦੀ ਜਿੱਤ ਹੋਈ ਹੈ ।
– ਪ੍ਰੋ: ਸੁਦੀਪ ਸਿੰਘ ਢਿੱਲੋਂ

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply