ਸਾਹਿਤਕ ਅਤੇ ਅਕਾਦਮਿਕ ਖੇਤਰ ‘ਚ ਸੋਗ ਦੀ ਲਹਿਰ
ਅਮ੍ਰਿਤਸਰ, 14 ਅਪ੍ਰੈਲ (ਦੀਪ ਦਵਿੰਦਰ ਸਿੰਘ) – “ਮੇਰਾ ਦਗਿਸਤਾਨ ” ਵਰਗੀ ਸੰਸਾਰ ਪ੍ਰਸਿਧ ਪੁਸਤਕ ਦਾ ਪੰਜਾਬੀ ਅਨੁਵਾਦ ਕਰਕੇ ਜਾਣੇ ਜਾਂਦੇ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਪ੍ਰੋਫ਼ੈਸਰ ਤੇ ਮੁਖੀ, ਉੱਘੇ ਸਭਿਆਚਾਰ ਵਿਗਿਆਨੀ, ਅਨੁਵਾਦ ਸ਼ਾਸਤਰੀ, ਸਾਹਿਤ ਸਿਧਾਂਤ ਅਤੇ ਆਲੋਚਨਾ ਦੇ ਪ੍ਰਬੁੱਧ ਵਿਦਵਾਨ ਡਾ. ਗੁਰਬਖਸ਼ ਸਿੰਘ ਫਰੈਂਕ ਅੱਜ ਆਪਣੀ ਜੀਵਨ ਯਾਤਰਾ ਸੰਪੂਰਨ ਕਰਕੇ ਪ੍ਰਲੋਕ ਸਿਧਾਰ ਗਏ।ਉਹਨਾਂ ਅੱਜ ਸਵੇਰੇ ਵੱਡੇ ਤੜਕੇ ਆਪਣੀ ਧੀਅ ਆਰਕੀਟੈਕਟ ਜੀਨਾ ਸਿੰਘ ਅਤੇ ਦਾਮਾਦ ਡਾ. ਸਰਬਜੋਤ ਸਿੰਘ ਬਹਿਲ ਡੀਨ ਅਕਾਦਮਿਕ ਮਾਮਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗ੍ਰਹਿ ਅੰਤਿਮ ਸਵਾਸ ਲਏ।ਉਹਨਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਲੇ ਸ਼ਮਸ਼ਾਨ ਘਾਟ ਦੀ ਬਿਜਲਈ ਭੱਠੀ ‘ਚ ਕੀਤਾ ਗਿਆ।
ਡਾ. ਫਰੈਂਕ ਲਗਭਗ ਡੇੜ ਦਹਾਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਵਿਚ ਅਧਿਆਪਕ ਵਜੋਂ ਪੜ੍ਹਉਂਦੇ ਰਹੇ ਅਤੇ ਵਿਭਾਗ ਦੇ ਚੇਅਰਪਰਸਨ ਵਜੋਂ ਸੇਵਾ ਮੁਕਤ ਹੋਏ ਸਨ।ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਕਥਾਕਾਰ ਦੀਪ ਦੇਵਿੰਦਰ ਸਿੰਘ, ਡਾ. ਮਨਜਿੰਦਰ ਸਿੰਘ, ਡਾ. ਰਮਿੰਦਰ ਕੌਰ, ਡਾ. ਰਵੀ, ਡਾ. ਹਰਿੰਦਰ ਸੋਹਲ, ਡਾ. ਜਤਿੰਦਰ ਸਿੰਘ, ਡਾ. ਰੇਨੂੰ ਬਾਲਾ, ਮਨਮੋਹਨ ਸਿੰਘ ਢਿੱਲੋਂ, ਅਰਵਿੰਦਰ ਸਿੰਘ ਚਮਕ, ਸੁਮੀਤ ਸਿੰਘ, ਆਰਟਿਸਟ ਕੁਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜਰ ਸਨ।