ਪੰਜਾਬ ਲਲਿਤ ਕਲਾ ਅਕਾਦਮੀ ਨੇ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦਾ ਲਿਆ ਸਹਿਯੋਗ
ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪੰਜਾਬ ਲਲਿਤ ਕਲਾ ਅਕਾਦਮੀ ਦੁਆਰਾ ਪੀ.ਜੀ ਡਿਪਾਰਟਮੈਂਟ ਆਫ ਫਾਈਨ ਆਰਟਸ, ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਆਡੀਓ ਵੀਡੀਓ ਪ੍ਰੋਗਰਾਮ ‘ਹਰਮੈਨੀਊਟਿਕਸ-ਸਪੇਸਿਜ਼ ਐਂਡ ਕੌਂਸੈਪਟ: ਇਨ ਕਾਨਟੈਕਸਟ ਵਿਦ ਸ਼੍ਰੀ ਹਰਿਮੰਦਰ ਸਾਹਿਬ’ ਦਾ ਆਯੋਜਨ ਕੀਤਾ ਗਿਆ।ਡਾ. ਰਾਵਲ ਸਿੰਘ ਔਲਖ ਅਸਿਸਟੈਂਟ ਪ੍ਰੋਫੈਸਰ ਆਰਕੀਟੈਕਚਰ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।ਦੀਵਾਨ ਮੰਨਾ ਪ੍ਰਧਾਨ ਪੰਜਾਬ ਲਲਿਤ ਕਲਾ ਅਕਾਦਮੀ ਅਤੇ ਮਦਨ ਲਾਲ ਸਕੱਤਰ ਪੰਜਾਬ ਲਲਿਤ ਕਲਾ ਅਕਾਦਮੀ ਵੀ ਇਸ ਮੌਕੇ ਮੌਜੂਦ ਸਨ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਕਲਾ ਅਰਚਨਾ ਦਾ ਦੂਜਾ ਨਾਂ ਹੈ ਕਿਉਂਕਿ ਇਹ ਆਤਮਾ ਤੋਂ ਆਉਂਦੀ ਹੈ।ਜਦੋਂ ਇਕ ਕਲਾਕਾਰ ਰਚਨਾਤਮਕਤਾ ਵਿੱਚ ਰੁੱਝਿਆ ਹੋਇਆ ਹੁੰਦਾ ਹੈ, ਉਹ ਆਪਣੇ ਆਪ ਦੇ ਇਕ ਪਹਿਲੂ ਦੀ ਵਰਤੋਂ ਕਰ ਰਿਹਾ ਹੁੰਦਾ ਹੈ ਜੋ ਕਿ ਰੱਬ ਨੂੰ ਦਰਸਾਉਂਦਾ ਹੈ।ਉਹਨਾਂ ਨੇ ਕਿਹਾ ਕਿ ਸਿੱਖ ਗੁਰੂ ਸਹਿਬਾਨ ਕੋਲ ਵੀ ਭਵਨ ਨਿਰਮਾਣ ਕਲਾ ਦੀ ਬਹੁਤ ਸੁਹਜ ਸੀ।ਅਸੀਂ ਹਰਿਮੰਦਰ ਸਾਹਿਬ ਜਾ ਕੇ ਇਸ ਦੇ ਡਿਜ਼ਾਈਨ ਅਤੇ ਨਿਰਮਾਣ ਕਲਾ ਕਰਕੇ ਹਮੇਸ਼ਾਂ ਹੀ ਬ੍ਰਹਮਤਾ ਦੀ ਮੌਜ਼ੂਦਗੀ ਨੂੰ ਮਹਿਸੂਸ ਕਰਦੇ ਹਾਂ।
ਡਾ. ਰਾਵਲ ਸਿੰਘ ਔਲਖ ਨੇ ਆਪਣੇ ਸੰਬੋਧਨ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਪ੍ਰਸੰਗ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਨਿਰਮਾਣ ਕਲਾ ‘ਤੇ ਇਕ ਪ੍ਰਸਤੁਤੀ ਦਿੱਤੀ।ਆਪਣੀ ਪ੍ਰਸਤੁਤੀ ‘ਚ ਉਹਨਾਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਦੀ ਸ਼ਿਲਪ ਕਲਾ ਦੇ ਡਿਜਾਈਨ ‘ਚ ਮੂਲ ਮੰਤਰ ਦੇ ਸਮਾਵੇਸ਼, ਤੱਤ ਅਤੇ ਬ੍ਰਹਮੰਡ ਦੇ ਵਰਗੀਕਰਨ ਦੀ ਚਰਚਾ ਕੀਤੀ ।
ਡਾ. ਦੀਵਾਨ ਮੰਨਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੰਮ੍ਰਿਤਸਰ ਆਉਣਾ ਹਮੇਸ਼ਾਂ ਹੀ ਇਕ ਬ੍ਰਹਮ ਅਨੁਭਵ ਹੁੰਦਾ ਹੈ।ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਲਲਿਤ ਕਲਾ ਅਕਾਦਮੀ, ਪੰਜਾਬ ਅਤੇ ਚੰਗੀਗੜ੍ਹ ‘ਚ ਇਕ ਖੁਦਮੁਖਤਿਆਰ ਸੰਸਥਾ ਵਜੋਂ ਕਲਾ ਅਤੇ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਦੀ ਹੈ।ਉਹਨਾਂ ਨੇ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੁਆਰਾ ਨੌਜਵਾਨ ਪੀੜ੍ਹੀ ਨੂੰ ਕਲਾ ਅਤੇ ਸੰਸਕ੍ਰਿਤੀ ਨਾਲ ਜੋੜਨ ਲਈ ਕੀਤੀਆਂ ਕੋਸ਼ਿਸਾਂ ਲਈ ਉਹਨਾਂ ਦੀ ਸ਼ਲਾਘਾ ਕੀਤੀ।ਕਾਲਜ ਦੇ ਨੋਡਲ ਅਫਸਰ ਡਾ. ਸ਼ੈਲੀ ਜੱਗੀ ਨੇ ਕੁਸ਼ਲ ਮੰਚ ਸੰਚਾਲਨ ਕੀਤਾ ।
ਸ਼੍ਰੀਮਤੀ ਸ਼ੈਫਾਲੀ ਜੌਹਰ ਮੁਖੀ ਫਾਈਨ ਆਰਟਸ ਪੀ.ਜੀ ਵਿਭਾਗ, ਡਾ. ਨਰੇਸ਼ ਡੀਨ ਯੂਥ ਵੈਲਫੇਅਰ ਅਤੇ ਵਿਦਿਆਰਥੀਆਂ ਸਹਿਤ ਹੋਰ ਫੈਕਲਟੀ ਮੈਂਬਰ ਵੀ ਇਸ ਮੌਕੇ ਮੌਜ਼ੂਦ ਸਨ।