Saturday, April 26, 2025
Breaking News

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ, 27 ਅਪ੍ਰੈਲ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ, ਵਿਖੇ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪਰਵਾਸੀ ਪੰਜਾਬੀ ਸ਼ਾਇਰ ਰਾਜ ਲਾਲੀ ਬਟਾਲਾ ਨਾਲ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਉਹਨਾਂ ਦਾ ਵਾਤਾਵਰਨ ਦੇ ਰੱਖਿਅਕ, ਖੁਸ਼ਹਾਲੀ ਤੇ ਹਰਿਆਲੀ ਦੇ ਪ੍ਰਤੀਕ ਨੰਨ੍ਹੇ ਪੌਦੇ ਭੇਂਟ ਕਰਕੇ ਰਸਮੀ ਤੌਰ ‘ਤੇ ਸੁਆਗਤ ਕੀਤਾ ।
                ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਪੰਜਾਬੀ ਵਿਭਾਗ ਦੁਆਰਾ ਰਾਜ ਲਾਲੀ ਬਟਾਲਾ ਨਾਲ ਕਰਵਾਏ ਰੂ-ਬ-ਰੂ ਦੇ ਆਯੋਜਨ ਲਈ ਖੁਸ਼ੀ ਜ਼ਾਹਿਰ ਕੀਤੀ ਉਹਨਾਂ ਨੇ ਕਿਹਾ ਕਿ ਕਵੀ ਲੋਕ ਸਾਡੀ ਜ਼ੁਬਾਨ ਬਣਦੇ ਹਨ।ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਹਿਤਕਾਰ ਇਕ ਜ਼ਿੰਦਗੀ ਨਹੀਂ, ਬਲਕਿ ਕਈ ਜ਼ਿੰਦਗੀਆਂ ਜੀਅ ਲੈਂਦੇ ਹਨ।ਉਹਨਾਂ ਨੇ ਕਵਿਤਾ ਲਿਖਣ ਸੰਬੰਧੀ ਆਪਣੇ ਵੀ ਕਈ ਅਨੁਭਵ ਸਾਂਝੇ ਕੀਤੇ।ਰਾਜ ਲਾਲੀ ਬਟਾਲਾ ਦੀਆਂ ਕਵਿਤਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹਨਾਂ ਦੀ ਕਵਿਤਾ ਰੂਹ ਨੂੰ ਟੁੰਬਦੀ ਹੈ।ਗੁਰੂ ਸਾਹਿਬਾਨਾਂ ਨੇ ਆਪਣੀ ਰਚਨਾ ਕਵਿਤਾ ਦੇ ਰੂਪ ਵਿਚ ਕੀਤੀ ਹੈ।ਇਸ ਲਈ ਕਵਿਤਾ ਦਾ ਦਰਜ਼ਾ ਹੋਰ ਵੀ ਉੱਚਾ ਹੋ ਗਿਆ ਹੈ।ਉਹਨਾਂ ਨੇ ਇਸ ਸਫਲ ਆਯੋਜਨ ਲਈ ਪੰਜਾਬੀ ਵਿਭਾਗ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਆਯੋਜਨ ਕਰਨ ਲਈ ਉਤਸਾਹਿਤ ਕੀਤਾ ।
                 ਮੁੱਖ ਵਕਤਾ ਰਾਜ ਲਾਲੀ ਬਟਾਲਾ ਨੇ ਰੂ-ਬ-ਰੂ ਹੁੰਦਿਆਂ ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਸੁਦਰਸ਼ਨ ਕਪੂਰ ਅਤੇ ਪੰਜਾਬੀ ਵਿਭਾਗ ਨੂੰ ਇਸ ਆਯੋਜਨ ਲਈ ਵਧਾਈ ਦਿੱਤੀ।ਉਹਨਾਂ ਨੇ ਕਿਹਾ ਕਿ ਇਹ ਸਨਮਾਨ ਮੇਰਾ ਨਹੀਂ, ਮੇਰੀ ਮਾਂ-ਬੋਲੀ ਪੰਜਾਬੀ ਦਾ ਹੈ।ਕਿਤੇ ਵੀ ਰਹਿ ਲਓ, ਪੰਜਾਬ ਨਾਲ ਹੀ ਚੱਲਦਾ ਹੈ।ਉਹਨਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਤੁਰਦਿਆਂ-ਫਿਰਦਿਆਂ ਅਤੇ ਵਿਚਰਦਿਆਂ ਜੋ ਕੁੱਝ ਹਾਸਲ ਹੁੰਦਾ ਹੈ, ਉਸ ਨੂੰ ਉਹ ਆਪਣੀ ਕਵਿਤਾ ਰਾਹੀਂ ਪੇਸ਼ ਕਰਦੇ ਹਨ।ਉਹਨਾਂ ਨੇ ਆਪਣੀਆਂ ਕੁੱਝ ਗਜ਼ਲਾਂ ਤਰੱਣੁਮ ‘ਚ ਸੁਣਾ ਕੇ ਸਭ ਨੂੰ ਮੰਤਰ ਮੁਗਧ ਕੀਤਾ।ਉਹਨਾਂ ਨੇ ਧੀਆਂ ਨੂੰ ਸਮਰਪਿਤ ਗਜ਼ਲ ‘ਆਪਣੇ ਦਮ ਤੇ ਉਡੋ ਚਿੜੀਓ’ ਸੁਣਾ ਕੇ ਧੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ।
                   ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਨੇ ਕਾਲਜ਼ ਦੇ ਪ੍ਰਿੰਸੀਪਲ ਅਤੇ ਰਾਜ ਲਾਲੀ ਬਟਾਲਾ ਦਾ ਧੰਨਵਾਦ ਕੀਤਾ।ਉਹਨਾਂ ਨੇ ਕਿਹਾ ਕਿ ਜਿਥੇ ਮਰਜ਼ੀ ਚਲੇ ਜਾਓ, ਮਿੱਟੀ ਦੀ ਕਸ਼ਿਸ਼ ਹਮੇਸ਼ਾਂ ਰਹਿੰਦੀ ਹੈ।ਉਹਨਾਂ ਨੇ ਗਜ਼ਲ ਦੀ ਖੂਬਸੂਰਤੀ ਦੀ ਗੱਲ ਵੀ ਕੀਤੀ।
                  ਸੁਆਲ ਜੁਆਬ ਦਾ ਸਿਲਸਿਲਾ ਵੀ ਚੱਲਿਆ।ਵਿਦਿਆਰਥਣਾਂ ਨੇ ਕਵਿਤਾਵਾਂ ਨਾਲ ਸੰਬੰਧਤ ਮਨ ਵਿੱਚ ਉਠੇ ਕਈ ਤਰ੍ਹਾਂ ਦੇ ਸੁਆਲ ਪੁੱਛ ਕੇ ਸ਼ੰਕਿਆਂ ਦੀ ਨਵਿਰਤੀ ਕੀਤੀ।ਇਸ ਸਮੇਂ ਜੋਬਨਰੂਪ ਛੀਨਾ (ਐਮ.ਏ ਪੰਜਾਬੀ ਸਮੈਸਟਰ ਦੂਜਾ) ਨੇ ਆਪਣੀ ਸਵੈ-ਰਚਿਤ ਕਵਿਤਾ ਤਰਣੁਮ ‘ਚ ਸੁਣਾਈ।ਪੰਜਾਬੀ ਵਿਭਾਗ ਦੇ ਪ੍ਰੋ. ਜਗਮੀਤ ਸਿੰਘ ਦੀ ਪੁਸਤਕ ‘ਸੋਹਬਤ’ ਵੀ ਰਲੀਜ਼ ਕੀਤੀ ਗਈ।ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਪੰਜਾਬੀ ਵਿਭਾਗ ਵਲੋਂ ਮੁੱਖ ਵਕਤਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ । ਇਸ ਆਯੋਜਨ ਦਾ ਮੰਚ ਸੰਚਾਲਨ ਡਾ. ਸੁਨੀਤਾ ਸ਼ਰਮਾ ਪੰਜਾਬੀ ਵਿਭਾਗ ਨੇ ਕੀਤਾ।ਪ੍ਰੋਗਰਾਮ ਦੇ ਅੰਤ ‘ਚ ਡਾ. ਰਾਣੀ ਮੁੱਖੀ ਪੰਜਾਬੀ ਵਿਭਾਗ ਨੇ ਧੰਨਵਾਦ ਕੀਤਾ।
               ਇਸ ਮੌਕੇ ਡਾ. ਰਾਣੀ, ਡਾ. ਸੁਨੀਤਾ ਸ਼ਰਮਾ, ਡਾ. ਸ਼ੈਲੀ ਜੱਗੀ, ਨੋਡਲ ਅਫਸਰ, ਡਾ. ਨਰੇਸ਼ (ਡੀਨ ਯੁਵਕ ਭਲਾਈ ਵਿਭਾਗ), ਸ਼ੈਫਾਲੀ ਜੌਹਰ (ਫਾਈਨ ਆਰਟਸ ਵਿਭਾਗ) ਸਹਿਤ ਪੰਜਾਬੀ ਵਿਭਾਗ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਵੀ ਮੌਜ਼ੂਦ ਸਨ।

Check Also

ਇੰਸਟੀਚਿਊਟ ਫਾਰ ਦ ਬਲਾਈਂਡ ਨੇ 102 ਸਾਲਾ ਸਥਾਪਨਾ ਦਿਵਸ ਮਨਾਇਆ

ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨੇਤਰਹੀਣਾਂ ਦੀ ਸੇਵਾ ਲਈ ਸੰਸਥਾ ਦੀ ਕੀਤੀ ਸ਼ਲਾਘਾ …