ਪਹਿਲ ਦੇ ਆਧਾਰ ਤੇ ਨਿਬੇੜੇ ਜਾਣ ਆਮ ਲੋਕਾਂ ਦੇ ਕੰਮ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਵਿਭਾਗ ਦੇ ਕੰਮ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਿਕਵਰੀਆਂ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਪੁਰਾਣੇ ਪਏ ਇੰਤਕਾਲਾਂ ਦਾ ਨਿਪਟਾਰਾ ਮਿਥੇ ਸਮੇਂ ਅੰਦਰ ਕੀਤਾ ਜਾਵੇ। ਉਨਾਂ ਨੇ ਤਹਿਸੀਲਦਾਰਾਂ ਨੂੰ ਕਿਹਾ ਕਿ ਜਿੰਨਾਂ ਦੇ ਖੇਤਰਾਂ ਵਿੱਚ ਇੰਤਕਾਲਾਂ ਪੈਡਿੰਗ ਹਨਮ ਉਨਾਂ ’ਤੇ ਨਿੱਜੀ ਧਿਆਨ ਦੇ ਕੇ ਨੇਪਰੇ ਚਾੜਿਆ ਜਾਵੇ ਤਾਂ ਜੋ ਲੋਕਾਂ ਨੂੰ ਕਿਸ ਕਿਸਮ ਦੀ ਮੁਸਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਹ ਆਮ ਵੇਖਣ ਵਿੱਚ ਆ ਰਿਹਾ ਹੈ ਕਿ ਰਜਿਸਟਰੀ ਕਰਵਾਉਣ ਸਮੇਂ ਲੋਕਾਂ ਵੱਲੋਂ ਇੰਤਕਾਲ ਨਹੀਂ ਕਰਵਾਇਆ ਜਾਂਦਾ, ਜਿਸ ਕਰਕੇ ਵਿਭਾਗ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨਾਂ ਕਿਹਾ ਕਿ ਸਰਕਾਰ ਦਾ ਅਕਸ ਆਪਣੇ ਕੀਤੇ ਕੰਮਾਂ ਨਾਲ ਹੀ ਬਣਨਾ ਹੁੰਦਾ ਹੈ ਸੋ ਦਫ਼ਤਰਾਂ ਵਿਚ ਆਪਣੇ ਕੰਮਾਂ ਲਈ ਆਉਂਦੇ ਲੋਕਾਂ ਨਾਲ ਸਲੀਕੇ ਨਾਲ ਪੇਸ਼ ਆਇਆ ਜਾਵੇ ਅਤੇ ਕਾਇਦੇ ਵਿਚ ਰਹਿੰਦੇ ਹੋਏ ਉਨਾਂ ਦੇ ਕੰਮ ਕੀਤੇ ਜਾਣ ਨਾ ਕਿ ਬਾਰ-ਬਾਰ ਦਫ਼ਤਰ ਆਉਣ ਲਈ ਮਜ਼ਬੂਰ ਕੀਤਾ ਜਾਵੇ।ਉਨਾਂ ਕਿਹਾ ਕਿ ਸਰਕਾਰੀ ਫਾਈਲਾਂ ਦੇ ਨਿਬੇੜੇ ਦੇ ਨਾਲ ਨਾਲ ਦਫ਼ਤਰ ਆਏ ਆਮ ਲੋਕਾਂ ਦੇ ਕੰਮ ਕਰਨੇ ਪਹਿਲੀ ਤਰਜ਼ੀਹ ਹੋਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਰਜਿਸਟਰੀਆਂ ਕਰਵਾਉਣ ਲਈ ਸਬ ਰਜਿਸਟਰਾਰ ਦਫਤਰਾਂ ਵਿਚ ਆਉਂਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਸਬੰਧਤ ਸਬ ਰਜਿਸਟਰਾਰ ਖੁਦ ਧਿਆਨ ਦੇਣ।ਉਨਾਂ ਕਿਹਾ ਕਿ ਜੇਕਰ ਸਬ ਰਜਿਸਟਰਾਰ ਕਿਸੇ ਸਰਕਾਰੀ ਕੰਮ ਲਈ ਦਫਤਰ ਤੋਂ ਬਾਹਰ ਹੋਵੇ ਤਾਂ ਦਫਤਰ ਦੇ ਬਾਹਰ ਨੋਟਿਸ ਲਗਾ ਕੇ ਜਾਓ।
ਸੂਦਨ ਨੇ ਹਦਾਇਤ ਕੀਤੀ ਹੈ ਕਿ ਜਿਸ ਦਿਨ ਸਬ ਰਜਿਸਟਰਾਰ ਵਲੋਂ ਕੋਰਟ ਲਗਾਈ ਜਾਣੀ ਹੈ, ਉਸ ਦਿਨ ਰਜਿਸਟਰੀਆਂ ਦਾ ਸਮਾਂ ਸਵੇਰੇ 9 ਤੋਂ 2 ਵਜੇ ਤੱਕ ਦਾ ਹੋਵੇ ਅਤੇ ਇਸ ਸਬੰਧੀ ਵੀ ਲੋਕਾਂ ਨੂੰ ਨੋਟਿਸ ਜ਼ਰੀਏ ਜਾਣਕਾਰੀ ਦਿੱਤੀ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੰਜੀਵ ਕੁਮਾਰ, ਐਸ.ਡੀ.ਐਮ ਰਾਜੇਸ਼ ਸ਼ਰਮਾ, ਐਸ.ਡੀ.ਐਮ ਸ੍ਰੀਮਤੀ ਅਮਨਦੀਪ ਕੌਰ, ਜਿਲ੍ਹਾ ਮਾਲ ਅਫ਼ਸਰ ਅਰਵਿੰਦਰ ਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।