ਪ੍ਰਵਾਸੀ ਭਾਰਤੀਆਂ ਦੇ ਹਰ ਮਸਲੇ ਦੇ ਹੱਲ ਲਈ ਸਿਰ ਤੋੜ ਯਤਨ ਜਾਰੀ ਰਹਿਣਗੇ – ਜੁਗਨਦੀਪ ਜਵਾਹਰਵਾਲਾ
ਸੰਗਰੂਰ, 27 ਅਪ੍ਰੈਲ (ਜਗਸੀਰ ਲੌਂਗੋਵਾਲ) – ਪੰਜਾਬੀਆਂ ਨੇ ਜਿਥੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਵਧੀਆ ਕਾਰੋਬਾਰ ਸਥਾਪਿਤ ਕਰਕੇ ਆਪਣਾ ਨਾਮ ਵਿਦੇਸ਼ੀ ਧਰਤੀ ‘ਤੇ ਰੋਸ਼ਨ ਕੀਤਾ ਹੈ, ਉਥੇ ਹੀ ਉਨ੍ਹਾਂ ਦੇਸ਼ਾਂ ਦੀ ਸਰਗਰਮ ਰਾਜਨੀਤੀ ਵਿੱਚ ਹਿੱਸਾ ਲੈ ਕੇ ਜਿੱਤ ਦੇ ਝੰਡੇ ਗੱਡੇ ਹਨ।ਕੈਨੇਡਾ ਜਿਹੇ ਵਿਕਸਤ ਦੇਸ਼ ਦੀ ਸਿਆਸਤ ਵਿੱਚ ਬੁਲੰਦੀਆਂ ਛੋਂਹਦੇ ਪੰਜਾਬੀਆਂ ਦੀਆਂ ਲੀਹਾਂ ‘ਤੇ ਚੱਲਦੇ ਹੋਏ ਆਸਟਰੇਲੀਆ ਵਿੱਚ ਵਸਦੇ ਪੰਜਾਬੀਆਂ ਵਲੋਂ ਵੀ ਸਰਗਰਮ ਰਾਜਨੀਤੀ ਵਿੱਚ ਪਹਿਲਕਦਮੀ ਸ਼ੁਰੂ ਕਰ ਦਿੱਤੀ ਗਈ ਹੈ ।
ਮਾਤਾ ਸ਼ਮਿੰਦਰ ਕੌਰ ਦੀ ਕੁੱਖੋਂ ਪਿਤਾ ਐਡਵੋਕੇਟ ਕਰਨੈਲ ਸਿੰਘ ਦੇ ਘਰ ਪਿੰਡ ਜਵਾਹਰਵਾਲਾ ਵਿਖੇ ਜਨਮਿਆ ਜੁਗਨਦੀਪ ਸਿੰਘ ਜਵਾਹਰਵਾਲਾ ਨੇ ਆਪਣੀ ਸਖ਼ਤ ਮਿਹਨਤ ਅਤੇ ਆਤਮ ਵਿਸ਼ਵਾਸ ਦੇ ਚੱਲਦੇ ਹੋਏ ਆਸਟ੍ਰੇਲੀਆ ਦੀ ਧਰਤੀ ‘ਤੇ ਜਾ ਕੇ ਸਫਲਤਾ ਦੇ ਅਜਿਹੇ ਝੰਡੇ ਗੱਡੇ ਕਿ ਉਹ “ਨੌਜਵਾਨਾਂ ਦੇ ਰੋਲ ਮਾਡਲ” ਵਜੋਂ ਉੱਭਰ ਕੇ ਸਾਹਮਣੇ ਆਇਆ ਹੈ।ਬੇਸ਼ੱਕ ਬਚਪਨ ‘ਚ ਹੀ ਜੁਗਨਦੀਪ ਅਤੇ ਉਸ ਦੀ ਛੋਟੀ ਭੈਣ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉਠ ਗਿਆ ਸੀ।ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਉਚ ਸਿੱਖਿਆ ਪ੍ਰਾਪਤ ਕਰਕੇ ਅੱਜ ਤੋਂ ਕਰੀਬ 10 ਸਾਲ ਪਹਿਲਾਂ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਸਿੱਖਿਆ ਦੇ ਖੇਤਰ ਨਾਲ ਜੁੜ ਗਿਆ।ਉਥੇ ਰਹਿੰਦਿਆਂ ਉਨ੍ਹਾਂ ਵਲੋਂ ਆਸਟਰੇਲੀਆ ਵਸਦੇ ਪਰਵਾਸੀ ਭਾਰਤੀਆਂ ਦੇ ਮਾਪਿਆਂ ਦੇ ਵੀਜ਼ੇ ਸੰਬੰਧੀ, ਆਈਲੈਟਸ ਦੀ ਮਿਆਦ ਵਧਾਉਣ ਸਬੰਧੀ ਪਾਈਆਂ ਪਟੀਸ਼ਨਾਂ ਨੂੰ ਲੈ ਕੇ ਉਹ ਸੁਰਖੀਆਂ ਵਿੱਚ ਆ ਗਿਆ।ਜੁਗਨਦੀਪ ਸਿੰਘ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਆਸਟਰੇਲੀਆ ਦੀ ਲਿਬਰਲ ਪਾਰਟੀ ਵਲੋਂ ਉਸ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਅੱਗੇ ਵਧਣ ਦਾ ਮੌਕਾ ਦਿੱਤਾ ਗਿਆ।ਆਪਣੇ ਮਿੱਠ ਬੋਲੜੇ ਤੇ ਨਿਮਰ ਸੁਭਾਅ ਦੇ ਚਲਦਿਆਂ ਜੁਗਨਦੀਪ ਜਵਾਹਰਵਾਲਾ ਨੇ ਲਿਬਰਲ ਪਾਰਟੀ ਵਿਚ ਕੰਮ ਕਰਦਿਆਂ ਬਹੁਤ ਥੋੜ੍ਹੇ ਸਮੇਂ ‘ਚ ਆਪਣੀ ਨੇੜਤਾ ਪਾਰਟੀ ਦੇ ਉੱਚ ਆਗੂਆਂ ਨਾਲ ਬਹੁਤ ਜਿਆਦਾ ਵਧਾ ਲਈ।ਉਸ ਦੀ ਲੋਕਪ੍ਰਿਅਤਾ ਨੂੰ ਦੇਖਦਿਆਂ 21 ਮਈ ਨੂੰ ਹੋਣ ਜਾ ਰਹੀਆਂ 151 ਮੈਂਬਰੀ ਆਸਟ੍ਰੇਲੀਆ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਮੌਜ਼ੂਦਾ ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਆਗੂ ਸਕੌਟ ਮੌਰੀਸਨ ਵਲੋਂ ਭਾਰਤੀਆਂ ਦੀ ਸੰਘਣੀ ਵਸੋਂ ਵਾਲੀ ਚਿਫਲੀ ਸੀਟ ਤੋਂ ਉਸ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ।ਜੁਗਨਦੀਪ ਸਿੰਘ ਆਸਟ੍ਰੇਲੀਆ ਵਿੱਚ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਵਾਲਾ ਪਹਿਲਾ ਪੰਜਾਬੀ ਸਿੱਖ ਨੌਜਵਾਨ ਬਣ ਗਿਆ, ਜੁਗਨਦੀਪ ਸਿੰਘ ਨੇ ਕਿਹਾ ਕਿ ਉਹ ਚਿਫਲੀ ਹਲਕੇ ਵਿੱਚ ਰਹਿੰਦੇ ਸਮੂਹ ਭਾਰਤੀਆਂ ਤੇ ਆਸਟ੍ਰੇਲੀਆਈ ਨਾਗਰਿਕਾਂ ਦੇ ਸਹਿਯੋਗ ਨਾਲ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਪਰਵਾਸੀ ਭਾਰਤੀਆਂ ਦੇ ਮੁੱਦਿਆਂ ‘ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।ਇਥੇ ਜ਼ਿਕਰਯੋਗ ਹੈ ਕਿ ਜੁਗਨਦੀਪ ਸਿੰਘ ਜਵਾਹਰਵਾਲਾ ਨੂੰ ਰਾਜਨੀਤੀ ਦੀ ਗੁੜ੍ਹਤੀ ਆਪਣੇ ਪਿਤਾ ਕਰਨੈਲ ਸਿੰਘ ਸਿੱਧੂ ਤੋਂ ਮਿਲੀ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਜ਼ਿਲ੍ਹਾ ਸੰਗਰੂਰ ‘ਚ ਅਤਿ ਕਰੀਬੀਆਂ ਵਿਚੋਂ ਇੱਕ ਸਨ ਅਤੇ ਵੱਖ-ਵੱਖ ਸਮੇਂ ਤੇ ਉਨ੍ਹਾਂ ਵਲੋਂ ਚੋਣਾਂ ਵੀ ਲੜੀਆਂ ਗਈਆਂ।ਬੇਸ਼ੱਕ 10 ਸਾਲ ਪਹਿਲਾਂ ਜੁਗਨਦੀਪ ਸਿੰਘ ਆਸਟ੍ਰੇਲੀਆ ਚਲਾ ਗਿਆ, ਪਰ ਉਸ ਨੇ ਭਾਰਤ ਦੇ ਪੰਜਾਬ ਵਿੱਚ ਆਪਣੀ ਜਨਮ ਭੂਮੀ ਨਾਲ ਮੋਹ ਨਹੀਂ ਤਿਆਗਿਆ ਅਤੇ ਆਪਣੇ ਜੱਦੀ ਪਿੰਡ ਗੋਬਿੰਦਪੁਰਾ ਜਵਾਹਰਵਾਲਾ ਦੇ ਲਈ ਕੁੱਝ ਨਾ ਕੁੱਝ ਕਰਨ ਦਾ ਜਜ਼ਬਾ ਹਰ ਸਮੇਂ ਉਸ ਦੇ ਦਿਲ ਵਿੱਚ ਰਹਿੰਦਾ ਹੈ ਤੇ ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਉਸ ਵੱਲੋਂ ਆਪਣੇ ਜੱਦੀ ਪਿੰਡ ਗੋਬਿੰਦਪੁਰਾ ਜਵਾਹਰਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਵੀ ਲਗਾਇਆ ਜਾਂਦਾ ਹੈ।
ਟਿਕਟ ਮਿਲਣ ‘ਤੇ ਪਿੰਡ ਵਾਸੀਆਂ ਅਤੇ ਉਸ ਦੇ ਸਕੇ ਸਬੰਧੀਆਂ, ਯਾਰਾਂ ਦੋਸਤਾਂ ‘ਚ ਖੁਸ਼ੀ ਪਾਈ ਜਾ ਰਹੀ ਹੈ ਤੇ ਉਨ੍ਹਾਂ ਵਲੋਂ ਜੁਗਨਦੀਪ ਦੀ ਜਿੱਤ ਲਈ ਦੁਆ ਕੀਤੀ ਜਾ ਰਹੀ ਹੈ ।