Sunday, December 22, 2024

ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲਾ ਗਾਇਕ ਤੇ ਸੰਗੀਤਕਾਰ ਹਰਜ਼ ਮਾਨ

              ਹਰੇਕ ਇਨਸਾਨ ਦੀ ਦਿੱਲੀ ਇਛਾ ਹੁੰਦੀ ਹੈ ਕਿ ਉਹ ਆਪਣੇ ਮਨਪਸੰਦ ਖੇਤਰ ‘ਚ ਤਰੱਕੀ ਕਰੇ।ਪਰ ਇਹ ਸਭ ਕੁੱਝ ਪ੍ਰਮਾਤਮਾ ਦੀ ਰਹਿਮਤ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ।ਜੇਕਰ ਇਨਸਾਨ ਮਿਹਨਤ ਦੇ ਜ਼ਰੀਏ ਉਸ ਖੇਤਰ `ਚ ਕੁੱਦਣ ਦਾ ਦਿੜ੍ਹ ਇਰਾਦਾ ਕਰ ਲਵੇ ਤਾਂ ਪ੍ਰਮਾਤਮਾ ਵੀ ਉਸ ਇਨਸਾਨ ਦਾ ਸਾਥ ਦਿੰਦਾ ਹੈ।ਇਸ ਤਰਾਂ ਦਾ ਹੀ ਮਿਹਨਤੀ ਤੇ ਕਿਸਮਤ ਦਾ ਧਨੀ ਗੱਭਰੂ ਹੈ ਹਰਜ਼ ਮਾਨ, ਜੋ ਕਿ ਪੰਜਾਬੀ ਸੰਗੀਤਕ ਖੇਤਰ ‘ਚ ਪਹਿਲਾਂ ਇੱਕ ਸਫਲ ਸੰਗੀਤਕਾਰ ਅਤੇ ਹੁਣ ਬਤੌਰ ਗਾਇਕ ਚਰਚਾਵਾਂ ‘ਚ ਹੈ।
                 ਹਰਜ਼ ਮਾਨ ਦਾ ਜਨਮ ਸ਼ਹਿਰ ਮੌੜ ਮੰਡੀ ਦੇ ਪਿੰਡ ਮੌੜ ਖੁਰਦ ਵਿਖੇ ਮਾਤਾ ਪਰਮਜੀਤ ਕੌਰ ਅਤੇ ਪਿਤਾ ਸਰਬਜੀਤ ਸਿੰਘ ਦੇ ਗ੍ਰਹਿ ਵਿਖੇ ਹੋਇਆ।ਸੰਗੀਤ ਨਾਲ ਉਸ ਦਾ ਪਿਆਰ ਬਚਪਨ ਤੋਂ ਹੀ ਸੀ ਅਤੇ ਬਾਲ ਉਮਰ ਤੋਂ ਹੀ ਉਹ ਸੰਗੀਤਕ ਧੁਨਾਂ ਨੂੰ ਸੁਣਦਾ ਤੇ ਸਮਝਦਾ ਹੋਇਆ ਜਵਾਨ ਹੋਇਆ।ਇਹ ਉਸ ਦੀ ਦਿਲੀ ਚਾਹਨਾ ਸੀ ਕਿ ਸੰਗੀਤ ਦੇ ਸ਼ੌਂਕ ਨੂੰ ਹੀ ਸਿੱਖਿਆ ਦਾ ਆਧਾਰ ਬਣਾ ਇਸ ਦੇ ਵਿਸ਼ੇ ‘ਚ ਪੜਾ੍ਹਈ ਕੀਤੀ ਜਾਵੇ।ਜਿਸ ਦੇ ਚੱਲਦਿਆਂ ਉਸ ਨੇ ਪਹਿਲਾਂ ਸੰਗੀਤ ਦੀ ਸਿੱਖਿਆ ਸਕੂਲ ਤੇ ਫਿਰ ਉਚੇਰੀ ਸਿੱਖਿਆ (ਗਰੈਜੂਏਸ਼ਨ ਇਨ ਮਿਊਜ਼ਿਕ) ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਿਲ ਕੀਤੀ।
                 ਸੰਗੀਤ ਪ੍ਰਤੀ ਇਸ ਮੋਹ ਸਦਕਾ ਹੀ ਹਰਜ਼ ਮਾਨ ਨੇ ਆਪਣਾ ਨਾਂਅ ਪੰਜਾਬੀ ਇੰਡਸਟਰੀ ‘ਚ ਇਕ ਚੰਗੇ ਸੰਗੀਤਕਾਰ ਵਜੋਂ ਸਥਾਪਿਤ ਕੀਤਾ ਹੈ ਅਤੇ ਉਹ ਆਪਣੀ ਸੰਗੀਤਕ ਕੰਪਨੀ ‘ਬਲੈਕ ਵਾਇਰਸ’ ਵਿੱਚ ਪੰਜਾਬ ਦੇ ਨਾਮੀ ਸਟਾਰ ਕਲਾਕਾਰ ਦਿਲਜੀਤ ਦੁਸਾਂਝ (ਰੇਂਜ), ਐਮੀ ਵਿਰਕ (ਖੱਬੀ ਖਾਨ), ਕੁਲਵਿੰਦਰ ਬਿੱਲਾ (ਉਚੇ ਉਚੇ ਪਹੁੰਚੇ, ਅਣਫੋਰਗੇਟਬਲ), ਰਣਜੀਤ ਬਾਵਾ (ਰੱਬ ਜੀ), ਕੌਰ ਬੀ (ਲੈਜਾ ਲੈਜਾ), ਅਮਰ ਸੈਂਬੀ (ਟਲਦਾ ਨਹੀਂ, ਕਸੂਰ), ਅਰੂਬ ਖਾਨ (ਰੰਗ ਸੋਹਣਿਆ), ਮੀਕਾ ਸਿੰਘ (ਚੱਲ ਵੇ ਸਿੰਘਾ), ਰੌਸ਼ਨ ਪ੍ਰਿੰਸ (ਬੇਵਫ਼ਾਈਆਂ) ਅਤੇ ਗੁਰਸ਼ਬਦ (ਗੀਤ) ਆਦਿ ਦੇ ਗੀਤਾਂ ਨੂੰ ਮਨਮੋਹਕ ਸੰਗੀਤਕ ਧੁਨਾਂ ਨਾਲ ਸਿੰਗਾਰ ਚੁੱਕਾ ਹੈ।
ਸੰਗੀਤ ਦੇ ਨਾਲ-ਨਾਲ ਹਰਜ਼ ਮਾਨ ਦਾ ਰੁਝਾਨ ਪਹਿਲੇ ਦਿਨ ਤੋਂ ਹੀ ਗਾਇਕੀ ਵੱਲ ਵੀ ਰਿਹਾ ਹੈ, ਜੋ ਕਿ ਸਮੇਂ-ਸਮੇਂ ਦੇ ਨਾਲ ਹੋਰ ਵੀ ਵਧਦਾ ਗਿਆ ਅਤੇ ਅੱਜ ਉਹ ਇਕ ਸੰਗੀਤਕਾਰ ਹੀ ਨਹੀਂ ਬਲਕਿ ਬਤੌਰ ਗਾਇਕ ਵੀ ਪੰਜਾਬੀ ਸੰਗੀਤਕ ਖੇਤਰ ‘ਚ ਮੱਲਾਂ ਮਾਰਦਾ ਨਜ਼ਰ ਆ ਰਿਹਾ ਹੈ।ਗਾਇਕੀ ਦੇ ਹੁਣ ਤੱਕ ਦੇ ਸਫਰ ਦੌਰਾਨ ਉਹ ਅੱਧਾ ਦਰਜਨ ਦੇ ਕਰੀਬ ਗੀਤ ‘ਵਾਇਰਸ’, ‘ਸਾਰਾ ਸਾਰਾ ਦਿਨ’, ‘ਐਨਾ ਪਿਆਰ’, ‘ਆਈ ਟੋਲਡ ਯੂ,‘ਤੈਨੂੰ ਕਿਹਾ ਤਾਂ ਸੀ ਮੈਂ’ ਆਦਿ ਸਰੋਤਿਆਂ ਦੇ ਸਨਮੁੱਖ ਕਰ ਚੁੱਕਾ ਹੈ।ਉਸ ਨੇ ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ ਜਿਹੀਆਂ ਸੁਵਿਧਾਵਾਂ ਉਪਰ ਆਪਣਾ ਜਾਤੀ ਰਿਕਾਰਡ ਅਪਡੇਟ ਕੀਤਾ ਹੋਇਆ ਹੈ।ਜਿਸ ਰਾਹੀਂ ਵੱਡੀ ਗਿਣਤੀ ‘ਚ ਸਰੋਤੇ ਉਸ ਨਾਲ ਸਿੱਧੇ ਰੂਪ ਵਿੱਚ ਜੁੜੇ ਹੋਏ ਹਨ।ਹਰਜ਼ ਮਾਨ ਦਾ ਕਹਿਣਾ ਹੈ ਕਿ ਪੰਜਾਬੀ ਸੰਗੀਤ ਜਗਤ ਦਾ ਭਵਿੱਖ ਕਾਫੀ ਉਜਵਲ ਹੈ ਅਤੇ ਭਵਿੱਖ ਵਿੱਚ ਉਹ ਅਮਰਿੰਦਰ ਗਿੱਲ, ਸਤਿੰਦਰ ਸਰਤਾਜ਼, ਐਮੀ ਵਿਰਕ, ਮਨਿੰਦਰ ਬੁੱਟਰ, ਕੁਲਵਿੰਦਰ ਬਿੱਲਾ, ਇੰਦਰ ਚਾਹਲ ਅਤੇ ਕੌਰ ਬੀ ਸਮੇਤ ਕਈ ਨਵੇਂ ਅਤੇ ਪੁਰਾਣੇ ਨਾਮੀ ਗਇਕਾਂ ਨਾਲ ਬਤੌਰ ਸੰਗੀਤਕਾਰ ਵੀ ਕੰਮ ਕਰਨ ਜਾ ਰਿਹੈ ਹੈ।
                    ਵਹਿਗੁਰੂ ਅੱਗੇ ਦੁਆ ਹੈ ਕਿ ਹਰਜ਼ ਮਾਨ ਸੰਗੀਤਕ ਖੇਤਰ ‘ਚ ਸਦਾ ਹੀ ਚੜ੍ਹਦੀ ਕਲਾ ‘ਚ ਰਹਿੰਦੇ ਹੋਏ ਸਫਲਤਾ ਦੀ ਹਰ ਮੰਜਿਲ ‘ਤੇ ਪਹੁੰਚੇ।0105202204

ਹਰਜਿੰਦਰ ਸਿੰਘ ਜਵੰਦਾ
ਮੋ – 94638 28000

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …