ਅੰਮ੍ਰਿਤਸਰ, 1 ਦਸੰਬਰ (ਦੀਪ ਦਵਿੰਦਰ ਸਿੰਘ)-ਸਾਹਿਤ ਸਮਾਜ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਂਝੇ ਉਪਰਾਲੇ ਨਾਲ ਬਹੁ ਚਰਚਿਤ ਸ਼ਾਇਰ ਵਰਿਆਮ ਅਸਰ ਨਾਲ ਲੇਖਕਾਂ ਦਾ ਰੂਬਰੂ ਕਰਵਾਇਆ ਗਿਆ। ਸ੍ਰੀ ਨਿਰਮਲ ਅਰਪਣ ਦੇ ਗ੍ਰਹਿ ਵਿਖੇ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਮਹਿਮਾਨ ਸ਼ਾਇਰ ਵਰਿਆਮ ਅਸਰ ਨੇ ਆਪਣੀਆਂ ਚਰਚਿਤ ਨਜ਼ਮਾਂ ਪੜ੍ਹ ਕੇ ਸੁਣਾਈਆਂ ਅਤੇ ਦੱਸਿਆ ਕਿ ੭੦ਵਿਆਂ ਦੇ ਦਹਾਕੇ ਵਿੱਚ ਵਿਧਾਤਾ ਸਿੰਘ ਤੀਰ ਅਤੇ ਅਮਰ ਚਿੱਤਰਕਾਰ ਵਰਗੇ ਪ੍ਰੋਡ ਸ਼ਾਇਰਾਂ ਦੀ ਅਦਬੀ ਸੰਗਤ ਨਾਲ ਉਨ੍ਹਾਂ ਤੇ ਸਾਹਿਤਕ ਰੰਗ ਚੜ੍ਹਿਆ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਨੇ ਮੰਚ ਸੰਚਾਲਣ ਕਰਦਿਆਂ ਵਰਿਆਮ ਅਸਰ ਦੀਆਂ ਪੁਸਤਕਾਂ ਦੇ ਹਵਾਲੇ ਨਾਲ ਦੱਸਿਆ ਕਿ ਇੰਨ੍ਹਾਂ ਦੀ ਸ਼ਾਇਰੀ ਵਿੱਚ ਵਿਸ਼ਵਾਸ਼ਾਂ, ਸਧਰਾਂ, ਨੋਕਾਂ-ਝੋਕਾਂ, ਰੋਸਿਆਂ-ਹਾਸਿਆਂ ਦੀ ਕੰਨਸੋਅ ਮਿਲਦੀ ਹੈ। ਪੰਜਾਬੀ ਵਿਦਵਾਨ ਡਾ. ਦਰਿਆ ਨੇ ਬੋਲਦਿਆਂ ਕਿਹਾ ਕਿ ਵਰਿਆਮ ਅਸਰ ਦੀ ਸਮੁੱਚੀ ਸ਼ਾਇਰੀ ਸਹਿਜ ਭਾਅ ਦੀ ਸ਼ਾਇਰੀ ਹੈ। ਜਿਸ ਵਿੱਚ ਸ਼ਾਇਰ ਮਨੁੱਖੀ ਟੁੱਟ-ਭੱਜ ਤੇ ਮਾਨਵੀ ਹੋਂਦ ਦੇ ਖੁਰਨ ਦੀ ਗੱਲ ਕਰਦਿਆਂ ਖੂਬਸੂਰਤ ਬਿੰਬ ਸਿਰਜਦਾ ਹੈ। ਡਾ. ਊਧਮ ਸਿੰਘ ਸ਼ਾਹੀ ਅਤੇ ਡਾ. ਇਕਬਾਲ ਕੌਰ ਸੌਂਧ ਨੇ ਕਿਹਾ ਕਿ ਸ਼ਾਇਰ ਵੱਲੋਂ ਪੇਸ਼ ਕੀਤੀਆਂ ਕਵਿਤਾਵਾਂ ਦੀ ਸੁਰ ਮਾਨਵਵਾਦੀ ਲੋਕ ਸਾਹਿਤ ਰੁਚਿਤ ਅਤੇ ਸਾਂਝੀਵਾਲਤਾ ਵਾਲੀ ਹੈ। ਡਾ. ਪਰਮਿੰਦਰ ਸਿੰਘ, ਡਾ. ਪਰਮਜੀਤ ਸਿੰਘ ਮੀਸ਼ਾ ਅਤੇ ਸ਼ਾਇਰਾ ਸਵਿੰਦਰਜੀਤ ਕੌਰ ਨੇ ਚਰਚਾ ਅਧੀਨ ਸ਼ਾਇਰੀ ਦੇ ਹਵਾਲੇ ਨਾਲ ਦੱਸਿਆ ਕਿ ਵਰਿਆਮ ਅਸਰ ਦੀ ਕਵਿਤਾ ਪ੍ਰਾਚੀਨ ਅਤੇ ਆਧੁਨਿਕਤਾ ਦੇ ਸੰਕਲਪ ਦੀ ਵਿਆਖਿਆ ਕਰਦੀ ਹੈ। ਇਸ ਸਮੇਂ ਜਿਲ੍ਹਾ ਭਾਸ਼ਾ ਅਫਸਰ ਡਾ. ਭੁਪਿੰਦਰ ਸਿੰਘ ਮੱਟੂ, ਦੇਵ ਦਰਦ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਹਜ਼ਾਰਾ ਸਿੰਘ ਚੀਮਾ, ਜਗਦੀਸ਼ ਸਚਦੇਵਾ, ਕੁਲਵੰਤ ਸਿੰਘ ਸੂਰੀ, ਓ.ਪੀ. ਕਾਲੀਆ, ਡਾ. ਬਿਕਰਮ ਸਿੰਘ ਘੁੰਮਣ, ਹਰਭਜਨ ਖੇਮਕਰਨੀ, ਅਰਤਿੰਦਰ ਸੰਧੂ, ਮਨਮੋਹਨ ਢਿੱਲੋਂ, ਰਾਜ ਖੁਸ਼ਵੰਤ ਸਿੰਘ, ਸਰਬਜੀਤ ਸੰਧੂ, ਕਰਮ ਸਿੰਘ ਹੁੰਦਲ, ਭੁਪਿੰਦਰਪ੍ਰੀਤ, ਪ੍ਰੋ: ਮੋਹਨ ਸਿੰਘ, ਜਸਬੀਰ ਕੌਰ, ਮੋਹਨ ਸਿੰਘ ਰਾਹੀ, ਜਸਬੀਰ ਜਮੀਰ, ਗੁਰਿੰਦਰ ਮਕਨਾ, ਕਲਿਆਣ ਅੰਮ੍ਰਿਤਸਰੀ, ਹਰਜੀਤ ਸੰਧੂ, ਹਰਮੀਤ ਆਰਟਿਸਟ, ਡਾ. ਸੁਖਦੇਵ ਪਾਂਧੀ, ਪ੍ਰਿੰਸੀਪਲ ਨਰੋਤਮ ਸਿੰਘ ਅਤੇ ਸੰਤੋਖ ਸਿੰਘ ਰਾਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖਕ ਮਿੱਤਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …