ਸੰਗਰੂਰ, 1 ਜੁਲਾਈ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਨੂੰ ਪੰਜਾਬ ਸਰਕਾਰ ਵਲੋਂ 28 ਜੂਨ ਨੂੰ ਡਿਪਟੀ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਨਾਲ਼ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ।ਬੇਸ਼ੱਕ ਮੀਟਿੰਗ ਲਾਰਾ ਬਣੀ ਤੇ ਦਰਜ਼ਨ ਦੇ ਕਰੀਬ ਜਥੇਬੰਦੀਆਂ ਆਗੂ ਸਾਰਾ ਦਿਨ ਮੁੱਖ ਮੰਤਰੀ ਨਿਵਾਸ ਦੇ ਬਾਹਰ ਮੀਟਿੰਗ ਵਾਸਤੇ ਇੰਤਜ਼ਾਰ ਕਰਦੇ ਰਹੇ।ਆਖ਼ਰ ਜਥੇਬੰਦੀਆਂ ਦੇ ਵਿਰੋਧ ਕਰਨ ਤੋਂ ਬਾਅਦ 29 ਜੂਨ ਨੂੰ ਬਾਅਦ ਦੁਪਹਿਰ ਨਵਰਾਜ ਸਿੰਘ ਬਰਾੜ ਡਿਪਟੀ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ ਨਾਲ਼ 3704 ਅਧਿਆਪਕ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ‘ਚ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮੀਟਿੰਗ ਹੋਈ।ਜਿਸ ਦੌਰਾਨ 3704 ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦੇਣ, 3704 ਮਾਸਟਰ ਕੇਡਰ ਭਰਤੀ ਤੇ ਕੇਂਦਰ ਦੀ ਥਾਂ ਪੰਜਾਬ ਦਾ ਪੇਅ-ਸਕੇਲ ਲਾਗੂ ਕਰਨ, ਅਧਿਆਪਕਾਂ ਦੀ ਡਾਇਰੈਕਟੋਰੇਟ ਦੀ ਰਹਿੰਦੀ ਤਨਖ਼ਾਹ ਜਾਰੀ ਕਰਨ, ਆਮ ਆਦਮੀ ਪਾਰਟੀ ਦੇ ਚੋਣ ਮੈਨੀਫ਼ੈਸਟੋ ਦੇ ਵਾਅਦੇ ਅਨੁਸਾਰ ਪ੍ਰੋਬੇਸ਼ਨ ਪੀਰੀਅਡ ਘੱਟ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਆਦਿ ਮੰਗਾਂ ਬਾਰੇ ਗੱਲਬਾਤ ਹੋਈ।
ਡਿਪਟੀ ਪ੍ਰਮੁੱਖ ਸਕੱਤਰ ਨੇ ਭਰੋਸਾ ਦਿਵਾਇਆ ਕਿ ਚੱਲ ਰਹੇ ਵਿਧਾਨ ਸਭਾ ਸ਼ੈਸ਼ਨ ਖ਼ਤਮ ਹੋਣ ਤੋਂਂ ਬਾਅਦ ਇਹ ਮੰਗਾਂ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ ਅਤੇ ਉਹਨਾਂ ਨੇ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਦਾ ਸਮਾਂ ਮੰਗਿਆ ਹੈ।ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਦਵਿੰਦਰ ਕੁਮਾਰ, ਪ੍ਰਦੀਪ ਸਿੰਘ, ਜਸਵਿੰਦਰ ਸ਼ਾਹਪੁਰ ਕਲਾਂ ਪ੍ਰੈਸ ਸਕੱਤਰ ਆਦਿ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …