Thursday, November 21, 2024

ਢਾਈ ਦਰਿਆ

ਵੰਡਿਆ ਜਦੋਂ ਪੰਜਾਬ ਨੂੰ,
ਰਹਿ ਗਏ ਢਾਈ ਦਰਿਆ।
ਜੋ ਨਿੱਤ ਬੇੜੀ ਸੀ ਪਾਂਵਦੇ,
ਉਹ ਕਿੱਥੇ ਗਏ ਮਲਾਹ।

ਦੋ ਕੰਢ੍ਹੇ ਭਰੀਆਂ ਬੇੜੀਆਂ,
ਪਨਾਹੀਆਂ ਭਰਿਆ ਪੂਰ।
ਅੱਧ ਵਿਚ ਹੁੰਦੇ ਮੇਲ ਸੀ,
ਦਰਿਆ ਦਾ ਕੰਢ੍ਹਾ ਦੂਰ।

ਰਾਵੀ ਦੀ ਹਿੱਕ ਚੀਰ ਕੇ,
ਉਹਦੇ ਟੋਟੇ ਕੀਤੇ ਦੋ।
ਕਾਲੀਆਂ ਰਾਤਾਂ ਵੇਖ ਕੇ,
ਮੇਰੇ ਦਿਲ ਨੂੰ ਪੈਂਦੇ ਡੋਅ।

ਪਾਣੀ ਤੇ ਲੀਕਾਂ ਪੈ ਗਈਆਂ
ਸਭ ਦੀ ਮੁੱਠ ਵਿਚ ਜਾਨ।
ਜਨੂਨੀ ਅੱਗ ‘ਚ ਭੜਕਿਆ
ਉਦੋਂ ਹਿੰਦ ਤੇ ਪਾਕਿਸਤਾਨ।

ਘਰ ਆਪਣੇ ਛੱਡਣ ਵਾਸਤੇ,
ਇਹ ਜਨਤਾ ਹੋਈ ਮਜ਼ਬੁਰ।
ਵੰਡੇ ਗਏ ਹਾਣੀ, ਯਾਰ ਵੀ,
ਜੋ, ਰੱਬ ਨੂੰ, ਨਾ-ਮਨਜ਼ੂਰ।

ਰਾਵੀ ਮਾਰ ਦੁਹੱਥੜ ਰੋਈ,
ਹੋ ਗਈ ਲਹੂ-ਲੁਹਾਨ।
ਅਣਗਿਣਤ ਜਾਨਾਂ ਮਰੀਆਂ,
ਕਈ ਹੋਈਆਂ ਬੇ-ਪਛਾਣ।

ਬੱਚਿਆਂ ਨੂੰ ਮਾਵਾਂ ਰੋਂਦੀਆਂ,
ਭੈਣਾਂ ਤੋਂ ਵਿੱਛੜੇ ਵੀਰ।
ਕੋਈ ਨਾ ਉਥੇ ਲੱਭਦਾ,
ਜੋ ਅੱਖੀਉਂ ਪੂੰਝੇ ਨੀਰ।

ਪਤੀ ਤੋਂ ਵਿਛੜੀ ਪਤਨੀ,
ਬਾਪੂ ਦੀ ਟੁੱਟ ਗਈ ਬਾਂਹ।
ਸੱਜਣ ਵੀ ਹੱਥ ਛੁਡਾ ਗਏ,
ਮੇਰਾ ਲੁੱਟਿਆ ਗਿਆ ਗਰਾਂ।

ਵੰਡੇ ਗਏ ਪਰਵਾਰ ਵੀ,
ਤੇ, ਵੰਡੇ ਗਏ ਦਰਿਆ।
ਵੰਡੇ ਗਏ ਸੀ ਢਾਈ-ਢਾਈ
ਹੋਏ ਬੰਦ ਦੋਵਾਂ ਦੇ ਰਾਹ।

ਸੁੱਖ ਨਾ ਪਾਇਆ ਰਾਵੀਏ,
ਤੇਰੀ ਸੁਣੀ ਕਿਸੇ ਨਾ ਹੂੱਕ।
ਸਭ ਖਾਲੀ ਹੱਥੀਂ ਤੁਰ ਪਏ
ਤੂੰ ਅੱਗੋਂ ਰਹੀ ਸੀ ਛੱੂਕ।

ਕਾਣੀਆਂ ਵੰਡਾਂ ਹੋ ਗਈਆਂ,
ਲੋਕੋ! ਵੰਡੇ ਗਏ ਪਿਆਰ।
ਜਬਰੀਂ ਹੋਏ ਨਿਕਾਹ ਦੀ,
ਕਿਸੇ ਨਾ ਸੁਣੀ ਪੁਕਾਰ।

ਨਕਸ਼ੇ ਸੀ ਬਦਲੇ ਧਰਤ ਦੇ
ਇਕ ਬਣਿਆਂ ਨਵਾਂ ਪੰਜਾਬ।
ਫਿਰ ਬਾਹਵਾਂ ਦੋਵੇਂ ਟੁੱਟੀਆਂ,
‘ਤੇ ਉੱਡ ਗਏ ਸਭ ਖ਼ਵਾਾਬ।

ਫਿਰ ਹਿੱਸੇ ਆਏ ਪੰਜਾਬ ਨੂੰ
ਜਿਨ੍ਹਾਂ ਲੰਗੜਾ ਦਿੱਤਾ ਕਰ।
‘ਸੁਹਲ’ ਰਾਵੀ ਨੂੰ ਅਜੇ ਵੀ,
ਦੋਵਾਂ ਤੋਂ ਲੱਗਦਾ ਡਰ।0907202208

ਮਲਕੀਅਤ ‘ਸੁਹਲ’
ਨੋਸ਼ਹਿਰਾ ਬਹਾਦਰ (ਤਿੱਬੜੀ) ਗੁਰਦਾਸਪੁਰ।
ਮੋ-9872848610

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …