Thursday, June 19, 2025

ਗੁੱਝੇ ਭੇਦ

ਦੁਨੀਆਂ ਵਾਂਗ ਸਮੁੰਦਰ ਦੇ,
ਇਹਦੇ ਭੇਦ ਗੁੱਝੇ ਹੀ ਰਹਿਣੇ ਨੇ
ਕੋਈ ਚੰਗਾ ਤੇ ਕੋਈ ਮੰਦਾ ਏ
ਇਹ ਫ਼ਰਕ ਸਦਾ ਹੀ ਰਹਿਣੇ ਨੇ।

ਕਿਧਰੇ ਕੋਈ ਪਰਉਪਕਾਰੀ ਏ
ਕਈ ਜਾਲਮ ਬੜੇ ਟੁੱਟ-ਪੈਣੇ ਨੇ
ਭਾਵੇਂ ਚੜ੍ ਜਾ ਕਿਤੇ ਪਹਾੜਾਂ ਤੇ
ਕਈ ਮੰਦੇ ਕੋਲ ਆ ਬਹਿਣੇ ਨੇ।

ਨਾ ਕਿਸਮਤ ਦਾ ਕੋਈ ਝਗੜਾ ਏ
ਸ਼ੁੱਭ ਕਰਮ ਬੀਜ਼ਣੇ ਪੈਣੇ ਨੇ
ਜ਼ਿੰਦਗੀ ਦੀ ਖੇਡ ਅਨੋਖੀ ਏ
ਕਈ ਜਿੱਤਣੇ ਤੇ ਕਈ ਢਹਿਣੇ ਨੇ।

ਦੁੱਖ-ਸੁੱਖ ਤਾਂ ਤਨ ਦੇ ਕੱਪੜੇ ਆ
ਕਦੇ ਪੈਣੇ ਤੇ ਕਦੇ ਲਹਿਣੇ ਨੇ
ਕਈ ਆਪੇ ਵੈਰੀ ਬਣ ਜਾਂਦੇ
ਕਈ ਗਲ ਦੇ ਬਣਦੇ ਗਹਿਣੇ ਨੇ।

ਜੋ ਅੱਖ ਤੇਰੀ ਨੂੰ ਭਾਉੰਂਦੇ ਨਈ
ਤੇਰੇ ਲਈ ਮੰਦੇ ਰਹਿਣੇ ਨੇ
ਸਭ ਝਗੜੇ ਤੇਰੀ ਮੇਰੀ ਦੇ
ਮਨ ਵਿੱਚੋਂ ਕੱਢਣੇ ਪੈਣੇ ਨੇ।

ਕੋਈ ਮੂਰਖ ਕੋਈ ਸਿਆਣਾ ਏ
ਕਈਆਂ ਦੇ ਵੱਖ ਹੀ ਕਹਿਣੇ ਨੇ
ਇਹ ਦੁਨੀਆਂ ਵਾਂਗ ਸਮੁੰਦਰ ਦੇ
ਇਹਦੇ ਭੇਦ ਗੁੱਝੇ ਹੀ ਰਹਿਣੇ ਨੇ।0907202209

ਮਨਪ੍ਰੀਤ ਸਿੰਘ ਜੌਂਸ
ਮੋ – 9855020498

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …