ਮਾਮਲਾ ਲਾਅ ਅਫਸਰਾਂ ਦੀਆਂ ਅਸਾਮੀਆ ਵਿੱਚ ਰਾਖਵਾਂਕਰਨ ਨਾਂ ਦੇਣ ਦਾ
ਸੰਗਰੂਰ, 14 ਜੁਲਾਈ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ 178 ਲਾਅ ਅਫਸਰਾਂ ਦੀਆਂ ਅਸਾਮੀਆਂ ਭਰਨ ਸਬੰਧੀ ਦਿੱਤੇ ਇਸ਼ਤਿਹਾਰ ਵਿੱਚ ਐਸ.ਸੀ/ ਬੀ.ਸੀ ਵਰਗ ਦੇ ਰਾਖਵਾਂਕਰਨ ਨੂੰ ਖਤਮ ਕਰਨ ‘ਤੇ ਭਾਰੀ ਇਤਰਾਜ਼ ਜਤਾਉਂਦਿਆਂ ਸਮਾਜ ਸੇਵੀ ਤੇ ਭਾਰਤੀਯ ਅੰਬੇਡਕਰ ਮਿਸ਼ਨ ਸੰਸਥਾ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵਲੋਂ ਮੁਖ ਮੰਤਰੀ ਪੰਜਾਬ ਦੇ ਨਾਮ ਜੀ.ਏ ਟੂ ਡੀ.ਸੀ ਸੰਗਰੂਰ ਨੂੰ ਮੰਗ ਪੱਤਰ ਸੌਂਪਿਆ ਗਿਆ।ਪ੍ਰਧਾਨ ਕਾਂਗੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਰੋਜ਼ ਵੱਖ-ਵੱਖ ਜਗ੍ਹਾ ‘ਤੇ ਰਾਖਵਾਂਕਰਨ ਖਤਮ ਕਰਕੇ ਦਲਿਤਾਂ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ, ਜਿਸ ਨੂੰ ਹਰਗਿਜ਼ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ।ਦਰਸ਼ਨ ਕਾਂਗੜਾ ਸਣੇ ਵਫਦ ਵਿੱਚ ਸ਼ਾਮਲ ਆਗੂਆਂ ਨੇ ਕਿਹਾ ਕਿ ਰਾਖਵਾਂਕਰਨ ਕੋਈ ਭੀਖ ਨਹੀ ਬਲਕਿ ਉਹਨਾਂਾ ਦਾ ਅਧਿਕਾਰ ਹੈ।ਜੇਕਰ ਪੰਜਾਬ ਸਰਕਾਰ ਨੇ ਲਾਅ ਅਫਸਰਾਂ ਦੀਆ ਅਸਾਮੀਆਂ ਵਿੱਚ ਰਾਖਵਾਂਕਰਨ ਲਾਗੂ ਨਾ ਕੀਤਾ ਅਤੇ ਦਲਿਤ ਵਿਰੋਧੀ ਨੀਤੀਆ ਬੰਦ ਨਾ ਕੀਤੀਆਂ ਤਾਂ ਦਲਿਤ ਸਮਾਜ ਵਲੋਂ ਪੰਜਾਬ ਸਰਕਾਰ ਵਿਰੁੱਧ ਵੱਡੇ ਪੱਧਰ ‘ਤੇ ਮੋਰਚਾ ਖੋਲ੍ਹਿਆ ਜਾਵੇਗਾ।
ਇਸ ਮੌਕੇ ਮਿਸ਼ਨ ਦੇ ਭੁਪਿੰਦਰ ਸਿੰਘ ਜੱਸੀ ਸੂਬਾ ਸਕੱਤਰ, ਸ਼ਸ਼ੀ ਚਾਵਰੀਆ, ਸੰਜੀਵ ਕੁਮਾਰ ਬੇਦੀ ਐਡਵੋਕੇਟ, ਨਰੇਸ਼ ਰੰਗਾ, ਗੁਰਜੰਟ ਸਿੰਘ ਛਾਂਗਾ, ਰਾਜੇਸ਼ ਲੋਟ, ਰਾਣਾ ਬਾਲੂ, ਇੰਦਰਜੀਤ ਸਿੰਘ ਨੀਲੂ, ਸਾਜਨ ਕਾਂਗੜਾ, ਜਗਸੀਰ ਸਿੰਘ ਜੱਗਾ, ਅਮਿਤ ਕੁਮਾਰ, ਸੰਜੂ ਗਿੱਲ, ਰਜ਼ਤ ਗਿੱਲ, ਅਮਨ ਕੁਮਾਰ ਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ।