ਸਾਉਣ ਮਹੀਨੇ ਦੀ ਪਹਿਲੀ ਮੀਟਿੰਗ ਦੌਰਾਨ ਸਾਹਿਤਕਾਰਾਂ ਨੇ ਉਠਾਇਆ ਖੀਰ ਪੂੜਿਆਂ ਦਾ ਲੁਤਫ਼
ਸਮਰਾਲਾ, 21 ਜੁਲਾਈ (ਇੰਦਰਜੀਤ ਸਿੰਘ ਕੰਗ) – ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ। ਇਕੱਤਰਤਾ ਦੀ ਸ਼ੁਰੂਆਤ ਵਿੱਚ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਪਹਿਲਾਂ ਪੰਜਾਬੀ ਦੇ ਪ੍ਰਸਿੱਧ ਕੁੱਝ ਵੱਡੇ ਲੇਖਕਾਂ ਦੀਆਂ ਦਿੱਤੀਆਂ ਗਈਆਂ ਸਿੱਖਿਆਵਾਂ ਦੀ ਸਰੋਤਿਆਂ ਨਾਲ ਸਾਂਝ ਪਾਈ।
ਰਚਨਾਵਾਂ ਦੇ ਦੌਰ ਦੀ ਬਲਵੰਤ ਮਾਂਗਟ ਨੇ ਆਪਣੀ ਕਵਿਤਾ ਨਾਲ ਸ਼ੁਰੂਆਤ ਕੀਤੀ।ਇਸ ਤੋਂ ਬਾਅਦ ਹਰਬੰਸ ਮਾਲਵਾ ਨੇ ਆਪਣਾ ਗੀਤ ‘ਇਹ ਕੁੱਝ ਹੋਰ ਹੋ ਰਿਹਾ ਹੈ’ ਸੁਣਾਇਆ।ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ ਨੇ ਕਬੱਡੀ ਖਿਡਾਰੀਆਂ ਦੁਆਰਾ ਕੀਤੇ ਜਾਂਦੇ ਨਸ਼ੇ, ਲੜਾਈਆਂ ਅਤੇ ਕਿਸਾਨੀ ਸੰਘਰਸ਼ ਦੀ ਬਾਤ ਪਾਉਂਦੀ ਕਹਾਣੀ ‘ਤੇ ਉਹ ਉਠ ਬੈਠਿਆ’ ਸੁਣਾਈ।ਜਿਸ ਦੀ ਸਾਹਿਤਕਾਰਾਂ ਨੇ ਸਰਾਹਨਾ ਕਰਦੇ ਹੋਏ, ਕਹਾਣੀ ਨੂੰ ਹੋਰ ਸੋਧਣ ਦਾ ਸੁਝਾਅ ਦਿੱਤਾ।ਪੁਰਾਤਨ ਵਿਰਸੇ ਦੀ ਗੱਲ ਕਰਦੇ ਹੋਏ ਅਵਤਾਰ ਸਿੰਘ ਉਟਾਲਾਂ ਨੇ ਗੀਤ ‘ਜਾਗੋ’ ਸੁਣਾਇਆ।ਸ਼੍ਰੋਮਣੀ ਬਾਲ ਸਾਹਿਤਕਾਰ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਆਪਣੀ ਵਿਅੰਗਮਈ ਕਹਾਣੀ ‘ਸਕੂਨ ਦੀ ਜ਼ਿੰਦਗੀ’ ਸੁਣਾਈ। ਜਿਸ ਵਿੱਚ ਇੱਕ ਰਿਟਾਇਰ ਵਿਅਕਤੀ ਨੌਕਰੀ ਉਪਰੰਤ ਸਕੂਨ ਲੱਭਣ ਦੀ ਆਸ ਕਰਦਾ ਹੈ, ਪਰ ਨਾ-ਕਾਮਯਾਬ ਹੁੰਦਾ ਹੈ।ਗੁਰਦੀਪ ਮਹੌਣ ਨੇ ਕਹਾਣੀ ‘ਤਰਕ’ ਸੁਣਾਈ।ਅਨਿਲ ਫਤਿਹਗੜ੍ਹ ਜੱਟਾਂ ਨੇ ਆਪਣਾ ਗੀਤ ‘ਰਾਤ ਬੀਤ ਗਈ’ ਸੁਣਾਇਆ, ਜਿਸ ਨੂੰ ਸਾਰੇ ਸਰੋਤਿਆਂ ਨੇ ਸਰਾਹਿਆ।ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਨੇ ਗ਼ਜ਼ਲ ਸੁਣਾਈ।ਨਵੀਂ ਉਭਰ ਰਹੀ ਕਹਾਣੀਕਾਰਾ ਯਤਿੰਦਰ ਮਾਹਲ ਨੇ ਵੱਡੀ ਕਹਾਣੀ ‘ਦਲਦਲ’ ਸੁਣਾਈ।ਯਤਿੰਦਰ ਮਾਹਲ ਦੁਆਰਾ ਕਹਾਣੀ ਵਿੱਚ ਵਰਤੀ ਗਈ ਸ਼ਬਦਾਵਲੀ ਅਤੇ ਇੱਕ ਕਿਰਸਾਨ ਦਾ ਆਪਣੀ ਜ਼ਮੀਨ ਪ੍ਰਤੀ ਪਿਆਰ ਇਸ ਢੰਗ ਨਾਲ ਪੇਸ਼ ਕੀਤਾ ਗਿਆ, ਸਾਰੇ ਸਰੋਤੇ ਅਸ਼ ਅਸ਼ ਕਰ ਉਠੇ।ਮੀਟਿੰਗ ਦੌਰਾਨ ਇਹ ਇੱਕ ਸਫਲ ਕਹਾਣੀ ਵਜੋਂ ਆਪਣਾ ਸਥਾਨ ਬਣਾਉਣ ਵਿੱਚ ਕਾਮਯਾਬ ਰਹੀ।ਸੁਰਜੀਤ ਜੀਤ ਦੁਆਰਾ ਗ਼ਜ਼ਲ ਪੇਸ਼ ਕੀਤੀ ਗਈ।ਕਹਾਣੀਕਾਰ ਰਵਿੰਦਰ ਰੁਪਾਲ ਕੌਲਗੜ੍ਹ ਨੇ ਕਹਾਣੀ ‘ਕਾਲਾ ਦੁੱਧ’ ਅਤੇ ਨਵੇਂ ਉਭਰ ਰਹੇ ਨੌਜਵਾਨ ਕਹਾਣੀਕਾਰ ਤਰਨ ਬੱਲ ਨੇ ਨਸ਼ਿਆਂ ਬਾਰੇ ਕਹਾਣੀ ਸੁਣਾਈ। ਇਨ੍ਹਾਂ ਸਾਰੀਆਂ ਰਚਨਾਵਾਂ ਬਾਰੇ ਭਰਵੀਂ ਚਰਚਾ ਕੀਤੀ ਗਈ।ਜਿਸ ਵਿੱਚ ਕਹਾਣੀਕਾਰ ਮੁਖਤਿਆਰ ਸਿੰਘ, ਦਰਸ਼ਨ ਸਿੰਘ ਕੰਗ, ਮਾ. ਪੁਖਰਾਜ ਸਿੰਘ ਘੁਲਾਲ (ਵਿੱਤ ਸਕੱਤਰ), ਕਹਾਣੀਕਾਰ ਸੰਦੀਪ ਸਮਰਾਲਾ, ਕਹਾਣੀਕਾਰ ਅਮਨਦੀਪ ਸਮਰਾਲਾ, ਇੰਦਰਜੀਤ ਸਿੰਘ ਕੰਗ, ਸਿਮਰਜੀਤ ਸਿੰਘ ਕੰਗ, ਕਹਾਣੀਕਾਰ ਮਨਦੀਪ ਡਡਿਆਣਾ, ਮਨਮੋਹਣ ਸਿੰਘ, ਗਗਨਦੀਪ ਸ਼ਰਮਾ, ਜਸਵੀਰ ਸਮਰਾਲਾ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।ਸਮੁੱਚੀ ਮੀਟਿੰਗ ਦੀ ਕਾਰਵਾਈ ਨਵੇਂ ਤਜ਼ਰਬੇ ਅਨੁਸਾਰ ਨਵੇਂ ਨੌਜਵਾਨਾਂ ਅੰਦਰ ਬੋਲਣ ਦੀ ਸਮਰੱਥਾ ਭਰਨ ਲਈ ਸੰਦੀਪ ਸਮਰਾਲਾ, ਅਮਨ ਸਮਰਾਲਾ ਅਤੇ ਮਨਦੀਪ ਡਡਿਆਣਾ ਨੇ ਰਲ ਕੇ ਚਲਾਈ।