ਬੰਦੀ ਸਿੰਘਾਂ ਦੀ ਰਿਹਾਈ ਲਈ ਬਣੀ 11 ਮੈਂਬਰੀ ਕਮੇਟੀ ਦਾ ਹੋਵੇ ਪੁਨਰਗਠਨ- ਜੀ.ਕੇ
ਨਵੀਂ ਦਿੱਲੀ, 2 ਅਗਸਤ ਪੰਜਾਬ ਪੋਸਟ ਬਿਊਰੋ) – ਕੇਂਦਰ ਸਰਕਾਰ ਵਲੋਂ ਸਰਾਵਾਂ ‘ਤੇ 12 ਫੀਸਦੀ ਜੀ.ਐਸ.ਟੀ ਲਗਾਉਣ ਦੀ ਜਾਗੋ ਪਾਰਟੀ ਨੇ ਨਿਖੇਧੀ ਕੀਤੀ ਹੈ।ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵਲੋਂ ਸਰਾਵਾਂ ‘ਤੇ ਜੀ.ਐਸ.ਟੀ ਲਗਾਉਣਾ ਮੁਗਲਾਂ ਦੇ ਜਜ਼ੀਆ ਲਗਾਉਣ ਬਰਾਬਰ ਹੈ।
ਜੀ.ਕੇ ਨੇ ਕਿਹਾ ਕਿ ਸਰਾਵਾਂ ਉਤੇ ਜੀ.ਐਸ.ਟੀ. ਲਗਾਉਣਾ ਗਲਤ ਫੈਸਲਾ ਹੈ, ਜੋ ਸਿਰਫ ਗੁਰਦੁਆਰਿਆਂ ਦੀ ਸਰਾਵਾਂ ‘ਤੇ ਹੀ ਲਗਿਆ ਹੈ।ਜਦਕਿ ਗੁਰਦੁਆਰਾ ਸਰਾਵਾਂ ਕੋਈ ਕਮਾਈ ਕਰਨ ਦੇ ਅਦਾਰੇ ਨਹੀਂ ਹਨ। ਇਹ ਯਾਤਰੀਆਂ ਪਾਸੋਂ ਇਨ੍ਹਾਂ ਸਹੂਲਤਾਂ ਬਦਲੇ ਸਿਰਫ ਰਖਰਖਾਵ ਦਾ ਖਰਚ ਲੈਣ ਦਾ ਮਾਧਿਅਮ ਹਨ।ਸਰਕਾਰ ਨੂੰ ਆਪਣਾ ਗਲਤ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਜੀ.ਕੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੀਤੇ ਐਤਵਾਰ ਤੋਂ ਲਗਾਏ ਗਏ ਪੱਕੇ ਮੋਰਚੇ ਨੂੰ ਦਿੱਲੀ ਕਮੇਟੀ ਵਲੋਂ ਸਹਿਯੋਗ ਨਾ ਦੇਣ ਦੀਆਂ ਆਈਆਂ ਖਬਰਾਂ ਬਾਰੇ ਸਵਾਲ ਕੀਤਾ ਕਿ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਪਤਾ ਨਹੀਂ ਕੌਣ ਅਜਿਹੀਆਂ ਸਲਾਹਾਂ ਦੇ ਰਿਹਾ ਹੈ ? ਜੀ.ਕੇ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਲਾਹ ਮਸ਼ਵਰਾ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਣੀ 11 ਮੈਂਬਰੀ ਕਮੇਟੀ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਤੁਰੰਤ ਪੁਨਰਗਠਨ ਕਰਨਾ ਚਾਹੀਦਾ ਹੈ।
ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਅਤੇ ਜਤਿੰਦਰ ਸਿੰਘ ਬੋਬੀ ਮੌਜ਼ੂਦ ਸਨ।