ਸਮਾਗਮ ‘ਚ ਹਾਜ਼ਰ ਲੋਕਾਂ ਨੂੰ ਜੂਟ ਦੇ ਬਣੇ ਥੈਲੇ ਵੀ ਵੰਡੇ ਗਏ ਅਤੇ ਕੀਤਾ ਗਿਆ ਜਾਗਰੁਕ
ਪਠਾਨਕੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸਨਰ ਪਠਾਨਕੋਟ ਹਰਬੀਰ ਸਿੰਘ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਜਿਲ੍ਹਾ ਪੱਧਰੀ ਸਮਾਗਮ ਦੋਰਾਨ ਕਿਹਾ ਕਿ ਵਾਤਾਵਰਨ, ਜੰਗਲਾਤ ਅਤੇ ਜਲਵਾਯੂ `ਪਰਿਵਰਤਨ ਮੰਤਰਾਲੇ ਵਲੋਂ ਇੱਕ ਵਾਰ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਾਗੂ ਕੀਤੀ ਗਈ ਹੈ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੌਜੀ ਅਤੇ ਵਾਤਾਵਰਨ ਵਿਭਾਗ ਵਲੋਂ 5 ਅਗਸਤ ਨੂੰ ਰਾਜ ਭਰ ਵਿੱਚ ਆਯੋਜਿਤ ਸਮਾਗਮਾਂ ਵਾਂਗ ਜਿਲ੍ਹਾ ਪਠਾਨਕੋਟ ਵਿੱਚ ਵੀ ਜਿਲ੍ਹਾ ਪੱਧਰੀ ਸਮਾਰੋਹ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਮੁੱਖ ਮਹਿਮਾਨ ਵਜੋਂ ਹਾਜਰ ਹੋਏ ਡਿਪਟੀ ਕਮਿਸ਼ਨਰ ਇਸ ਤੋਂ ਇਲਾਵਾ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ), ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸ਼ਨਰ (ਜ), ਅਰਵਿੰਦਰ ਪਾਲ ਸਿੰਘ ਡੀ.ਆਰ.ਓ ਪਠਾਨਕੋਟ, ਵਿਭੂਤੀ ਸਰਮਾ ਹਲਕਾ ਪਠਾਨਕੋਟ ਇੰਚਾਰਜ਼ ਆਮ ਆਦਮੀ ਪਾਰਟੀ, ਕੈਪਟਨ ਸੁਨੀਲ ਗੁਪਤਾ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਕਮਲਜੀਤ ਸਿੰਘ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦਸ਼ਣ ਕੰਟਰੋਲ ਬੋਰਡ ਪਠਾਨਕੋਟ, ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀਆਂ ਤੋਂ ਇਲਾਵਾ ਪਠਾਨਕੋਟ ਵਪਾਰ ਮੰਡਲ ਅਤੇ ਹੋਰ ਸਹਿਰ ਦੀਆਂ ਐਨ.ਜੀ.ਓ ਮੈਂਬਰ ਵੀ ਹਾਜਰ ਸਨ।
ਸਮਾਰੋਹ ਦੇ ਅਰੰਭ ਵਿੱਚ ਮੇਜਰ ਡਾ. ਸੁਮਿਤ ਮੁਧ (ਪੀ.ਸੀ.ਐਸ) ਸਹਾਇਕ ਕਮਿਸਨਰ (ਜ) ਪਠਾਨਕੋਟ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਕ ਪੀ.ਪੀ.ਟੀ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਕ ਵਾਰ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਜਿਸ ਵਿੱਚ ਪਲਾਸਟਿਕ ਦੀਆਂ ਸਟਿਕਸ ਵਾਲੀਆਂ ਈਅਰ ਬੱਡਜ਼, ਗੁਬਾਰਿਆਂ ਲਈ ਪਲਾਸਟਿਕ ਦੀਆਂ ਸਟਿਕਸ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕਸ, ਆਈਸ ਕਰੀਮ ਸਟਿਕਸ, ਸਜ਼ਾਵਟ ਲਈ ਪੋਲੀਸਟਾਈਰੀਨ (ਥਰਮੋਕੋਲ), ਪਲੇਟਾਂ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਮਚੇ, ਚਾਕੂ, ਸਟਰਾਅ, ਟਰੇਅ, ਮਿਠਾਈਆਂ, ਸੱਦਾ ਪੱਤਰ ਅਤੇ ਸਿਗਰਟ ਦੇ ਡੱਬਿਆਂ ਦੇ ਆਲੇ ਦੁਆਲੇ ਲਪੇਟਣ ਜਾਂ ਪੈਕਿੰਗ ਕਰਨ ਵਾਲੀਆਂ ਫਿਲਮਾਂ, ਪਲਾਸਟਿਕ ਜਾਂ ਪੀ.ਵੀ.ਸੀ ਬੈਨਰ 100 ਮਾਈਕਰੋਨ ਤੋਂ ਘੱਟ ਸ਼ਾਮਲ ਹਨ।ਉਨ੍ਹਾਂ ਨੇ ਲੋਕਾਂ ਨੂੰ ਇੰਨ੍ਹਾਂ ਦੀ ਵਰਤੋਂ ਬੰਦ ਕਰਨ ਦੀ ਅਪੀਲ ਕੀਤੀ।
ਡਿਪਟੀ ਕਮਿਸਨਰ ਹਰਬੀਰ ਸਿੰਘ ਨੇ ਕਿਹਾ ਕਿ ਇਕਹਰੀ ਵਰਤੋਂ ਵਾਲਾ ਪਲਾਸਟਿਕ ਸਾਡੇ ਚੌਗਿਰਦੇ ਲਈ ਵੱਡਾ ਖਤਰਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪ੍ਰਦੁਸ਼ਨ ਕੰਟਰੋਲ ਬੋਰਡ ਵਲੋਂ ਇਕਹਰੀ ਵਰਤੋਂ ਵਾਲੀਆਂ ਪਲਾਸਟਿਕ ਦੀਆਂ ਨਿਮਨ ਵਸਤਾਂ ਦੇ ਨਿਰਮਾਣ, ਆਯਾਤ, ਸਟਾਕਿੰਗ, ਵੰਡ, ਵਿਕਰੀ ਅਤੇ ਵਰਤੋਂ ‘ਤੇ 1 ਜ਼ੁਲਾਈ 2022 ਤੋੱ ਪਾਬੰਦੀ ਲਾਗੂ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਅੱਜ ਇਸ ਸਬੰਧੀ ਜਾਗਰੁਕਤਾ ਮੁਹਿੰਮ ਸੁਰੂ ਕੀਤੀ ਗਈ ਹੈ।ਪੰਜਾਬ ਸਰਕਾਰ ਜਾਗਰੂਕਤਾ ਸਮਾਗਮਾਂ ਰਾਹੀਂ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਵਿਕਲਪਾਂ ਬਾਰੇ ਜਾਣਕਾਰੀ ਦੇ ਰਹੀ ਹੈ।ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਕਹਰੀ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਨਾ ਕਰਨ। ਬਜ਼ਾਰ ਵਿੱਚ ਖਰੀਦਦਾਰੀ ਕਰਨ ਲਈ ਜਾਣ ਸਮੇਂ ਘਰ ਤੋਂ ਕਪੜੇ ਦਾ ਥੈਲਾ ਨਾਲ ਲੈ ਕੇ ਜਾਣ ਦੀ ਆਦਤ ਅਪਾਉਣੀ ਚਾਹੀਦੀ ਹੈ।ਜਿਲ੍ਹਾ ਪ੍ਰਸਾਸ਼ਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਗਰ ਨਿਗਮ/ਨਗਰ ਕੌਂਸਲਾਂ/ਨਗਰ ਪੰਚਾਇਤ ਨਾਲ ਮਿਲ ਕੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।ਇਸ ਤੋਂ ਬਾਅਦ ਅਗਰ ਕਿਸੇ ਤਰ੍ਹਾਂ ਦੀ ਉਲੰਘਣਾ ਹੁੰਦੀ ਹੈ ਤਾਂ ਨਿਯਮਾਂ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਉਲੰਘਣਾ ਕਰਨ ਵਾਲੇ ਲੋਕਾਂ ਤੇ ਚਲਾਨ/ਜ਼ੁਰਮਾਨਾ ਲਗਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ‘ਚ ਅੱਜ ਇਕ ਜਾਗਰੂਕਤਾ ਮੁਹਿੰਮ ਆਰੰਭੀ ਗਈ ਹੈ ਅਤੇ ਇਹ ਸੁਨੇਹਾ ਜਦ ਘਰ ਘਰ ਜਾਵੇਗਾ ਤਾਂ ਪਲਾਸਟਿਕ ਖਿਲਾਫ ਲੜਾਈ ਵਿਚ ਸਾਡੀ ਜਿੱਤ ਲਾਜ਼ਮੀ ਹੋਵੇਗੀ।ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਆਓ ਇਸ ਮੂਹਿੰਮ ਵਿੱਚ ਅਪਣਾ ਯੋਗਦਾਨ ਪਾਈਏ ਅਤੇ ਪੰਜਾਬ ਨੂੰ ਖੁਸਹਾਲ ਬਣਾਈਏ। ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਵੱਲੋਂ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਤਾਂ ਜੋ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਅਤੇ ਉਨ੍ਹਾਂ ਵਲੋਂ ਜੂਟ ਦੇ ਬੈਗ ਵੀ ਵੰਡੇ ਗਏ।
ਇਸ ਮੋਕੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਕਵਿਤਾਵਾਂ ਅਤੇ ਭਾਸ਼ਣ ਦੇ ਕੇ ਲੋਕਾਂ ਨੂੰ ਜਾਗਰੁਕ ਕੀਤਾ ਗਿਆ।