ਖੁਸ਼ਬੀਰ ਨੇ 20 ਕਿਲੋਮੀਟਰ ਪੈਦਲ ਚਾਲ ਚਲਕੇ ਹਾਸਲ ਕੀਤਾ ਖ਼ਿਤਾਬ : ਪ੍ਰਿੰ: ਮਾਹਲ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ ਬਿਊਰੋ) – ਖਾਲਸਾ ਕਾਲਜ ਫ਼ਾਰ ਵੂਮੈਨ ਦੀ ਨਾਮਵਰ ਐਥਲੀਟ ਖੁਸ਼ਬੀਰ ਕੌਰ ਨੇ ਜਾਪਾਨ ਦੇ ਸ਼ਹਿਰ ਈਸ਼ੀਕਾਵਾ ਵਿਖੇ ਹੋਈ ‘ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ’ ‘ਚ ਕਾਂਸੇ ਦਾ ਤਮਗਾ ਜਿੱਤ ਕੇ ਕਾਲਜ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਸ ਨੇ 20 ਕਿਲੋਮੀਟਰ ਦੀ ਪੈਦਲ ਚਾਲ 1 ਘੰਟਾ 33 ਮਿੰਟ 37 ਸੈਕਿੰਟ ਚਲਕੇ ਇਹ ਖ਼ਿਤਾਬ ਹਾਸਲ ਕੀਤਾ। ਖੁਸ਼ਬੀਰ ਦਾ ਅੱਜ ਕਾਲਜ ਦੇ ਵਿਹੜੇ ‘ਚ ਪਹੁੰਚਣ ‘ਤੇ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਅਧਿਆਪਕਾਂ ਤੇ ਸਾਥੀ ਵਿਦਿਆਰਥਣਾਂ ਦੁਆਰਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਚੈਂਪੀਅਨਸ਼ਿਪ ਮਾਰਚ 16-17 ਨੂੰ ਹੋਈ ਅਤੇ ਖੁਸ਼ਬੀਰ ਦੀਆਂ ਪ੍ਰੀਖਿਆਵਾਂ ਹੋਣ ਕਰਕੇ ਉਹ ਅੱਜ ਹੀ ਇੱਥੇ ਸਵੇਰੇ ਪਹੁੰਚੀ, ਜਿਸਨੂੰ ਵਿਦਿਆਰਥਣਾਂ ਨੇ ਕਾਲਜ ਪਹੁੰਚਣ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਖੁਸ਼ਬੀਰ ਨੇ ਕਿਹਾ ਕਿ ਇਸ ਅੰਤਰ-ਰਾਸ਼ਟਰੀ ਖ਼ੇਡ ਪ੍ਰਤੀਯੋਗਤਾ ‘ਚ ਪੂਰੇ ਏਸ਼ੀਆ ਤੋਂ 25 ਦੇਸ਼ਾਂ ਨੇ ਭਾਗ ਲਿਆ ਅਤੇ ਉਹ ਇਸ ‘ਚ ਕਾਂਸੇ ਦਾ ਤਮਗਾ ਜਿੱਤਣ ‘ਚ ਕਾਮਯਾਬ ਰਹੀ। ਉਸਨੇ ਕਿਹਾ ਕਿ ਉਸਦੀ ਨਿਗਾਂਹ ਹੁਣ ਅਗਲੀਆਂ ਅੰਤਰ-ਰਾਸ਼ਟਰੀ ਪ੍ਰਤੀਯੋਗਤਾਵਾਂ ਤੋਂ ਇਲਾਵਾ ਕਾਮਨਵੈਲਥ ਅਤੇ ਉਲੰਪੀਅਨ ਖੇਡਾਂ ‘ਤੇ ਹੈ। ਕਾਲਜ ਦੀ ਬੀ. ਏ. ਭਾਗ ਤੀਜਾ ਦੀ ਵਿਦਿਆਰਥਣ ਖੁਸ਼ਬੀਰ ਨੇ ਦੱਸਿਆ ਕਿ ਪਿਛਲੇ ਸਮੇਂ ਰੂਸ ‘ਚ ਹੋਏ ਫ਼ੈਡਰੇਸ਼ਨ ਕੱਪ ਦੌਰਾਨ ਗੋਲਡ ਮੈਡਲ ਜਿੱਤ ਕੇ ਜਪਾਨ ‘ਚ ਹੋਏ ਪ੍ਰੀ-ਉਲਪਿੰਕ ਕੈਂਪ ‘ਚ ਹਿੱਸਾ ਲੈ ਚੁੱਕੀ ਹੈ।
ਉਸਨੇ ਕਿਹਾ ਕਿ ਉਸ ਦੁਆਰਾ ਜਿੱਤ ਦੀ ਸਰਗਰਮੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਉਹ ਯੂਨੀਵਰਸਿਟੀ ਅਤੇ ਰਾਸ਼ਟਰੀ ਪੱਧਰ ‘ਤੇ ਬਹੁਤ ਸਾਰੇ ਨਵੇਂ ਰਿਕਾਰਡ ਸਥਾਪਿਤ ਕਰ ਚੁੱਕੀ ਹੈ। ਡਾ. ਮਾਹਲ ਮੁਤਾਬਕ ਉਹ ਇਕ ਉਭਰਦੀ ਹੋਈ ਅੰਤਰ-ਰਾਸ਼ਟਰੀ ਪੱਧਰ ਦੀ ਖਿਡਾਰਣ ਹੈ, ਜੋ ਕਿ ਕਾਲਜ, ਸੂਬੇ ਅਤੇ ਦੇਸ਼ ਦਾ ਨਾਂਅ ਪੂਰੀ ਦੁਨੀਆ ‘ਚ ਚਮਕਾਉਣ ਦੀ ਸਮਰਥਾ ਰੱਖਦੀ ਹੈ। ਖੁਸ਼ਬੀਰ ਨੇ ਪ੍ਰਿੰਸੀਪਲ ਮਾਹਲ ਤੋਂ ਸਪੋਰਟਸ ਇੰਚਾਰਜ ਸੁਖਦੀਪ ਕੌਰ, ਕੋਚਾਂ ਬਲਦੇਵ ਸਿੰਘ, ਰਣਕੀਰਤ ਸਿੰਘ ਅਤੇ ਆਪਣੇ ਪਰਿਵਾਰ ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਸਨੇ ਖਾਲਸਾ ਕਾਲਜ ਫ਼ਾਰ ਵੂਮੈਨ, ਮੈਨੇਜ਼ਮੈਂਟ ਅਤੇ ਆਇਲ ਐਂਡ ਨੈਚਰਲ ਗੈਸ ਕਾਰਪੋਰੇਸ਼ਨ ਦਾ ਵੀ ਧੰਨਵਾਦ ਕੀਤਾ।
Punjab Post Daily Online Newspaper & Print Media