Thursday, November 21, 2024

ਵਾਸਤਾ ਜੇ ਰੱਬ ਦਾ ….

ਸਾਡੇ ਲੋਕਾਂ ਵਾਸਤੇ ਆਈ ਕਿਹੜੀ ਅਜ਼ਾਦੀ ਸੀ
ਘਰ ਬਾਹਰ ਉਜੜ ਗਏ ਹੋ ਗਈ ਬਰਬਾਦੀ ਸੀ
ਮਾਵਾਂ ਦੇ ਪੁੱਤਰ ਮਰ ਗਏ ਭੈਣਾਂ ਦੇ ਭਰਾ
ਛੱਡ ਤੁਰੇ ਜਿਹੜੀ ਮੰਜ਼ੇ ‘ਤੇ ਬਿਮਾਰ ਪਈ ਦਾਦੀ ਸੀ।

ਪੈ ਗਿਆ ਏ ਰੌਲਾ ਕਹਿੰਦੇ ਹੋ ਗਈ ਏ ਵੰਡ ਬਈ
ਚੰਗੇ ਭਲੇ ਦੇਸ਼ ਦੀ ਅੰਗਰੇਜ਼ਾਂ ਲਾਹ ਦਿੱਤੀ ਡੰਡ ਬਈ
ਸਦੀਆਂ ਤੋਂ ਜਿਹਨਾਂ ਨਾਲ ਬਣਿਆ ਸੀ ਭਾਈਚਾਰਾ
ਉਹਨਾਂ ਹੀ ਭਾਈਆਂ ਨੂੰ ਪੈ ਗਈ ਚੁੱਕਣੀ ਦੁੱਖਾਂ ਦੀ ਪੰਡ ਬਈ।

ਬਹੁਤਿਆਂ ਨੇ ਸੋਚਿਆ ਸੀ ਕਿ ਛੇਤੀ ਘਰ ਮੁੜ ਆਵਾਂਗੇ
ਘਰ ਵਾਪਿਸ ਆ ਕੇ ਪਹਿਲਾਂ ਵਾਲੀ ਸਾਂਝ ਫਿਰ ਪਾਵਾਂਗੇ
ਸਾਡੇ ਨਹੁੰ ਮਾਸ ਦੇ ਰਿਸ਼ਤਿਆਂ ਨੂੰ ਤੋੜ ਕੌਣ ਸਕਦਾ
ਅਸੀਂ ਇੱਕ ਦੂਜੇ ਤੋਂ ਵੱਖ ਹੋ ਕੇ ਦੱਸ ਭਲਾ ਕਿਥੇ ਜਾਵਾਂਗੇ।

ਬਣਾ ਕੇ ਕਾਫਲੇ ਜਗਾ ਕੇ ਮਸ਼ਾਲਾਂ ਤੁਰ ਪਏ ਰਾਤੋ ਰਾਤ ਨੂੰ
ਢਿਡੋਂ ਭੁੱਖੇ ਭਾਣੇ ਉਤੋਂ ਭਿੱਜ ਗਏ ਨਾ ਰੋਕ ਸਕੇ ਬਰਸਾਤ ਨੂੰ
ਦੁੱਧ ਚੁੰਘਦੇ ਬੱਚਿਆਂ ਦਾ ਹਾਲ ਹੋਇਆ ਬਹੁਤ ਮਾੜਾ
ਕੋਝੀ ਸਿਆਸਤ ਦੀ ਸਮਝ ਨਾ ਸਕੇ ਕੋਈ ਕਰਾਮਾਤ ਨੂੰ ।

ਜਾਤ ਪਾਤ ਮਜ੍ਹਬਾਂ ਦੇ ਅਧਾਰ ‘ਤੇ ਵੰਡ ਗਏ ਦੇਸ਼ ਨੂੰ
ਪਝੰਤਰ ਸਾਲ ਹੋ ਗਏ ਅਜੇ ਨਾ ਮੁਕਾ ਸਕੇ ਕਲੇਸ਼ ਨੂੰ
ਲਾਹਨਤ ਹੈ ਇਹੋ ਜਿਹੀ ਅਜ਼ਾਦੀ ਸਾਨੂੰ ਕਹਿਣ ਦੇ
ਜਿਹੜੀ ਅੱਜ ਵੀ ਤੋਰੀ ਜਾਵੇ ਸਾਡੇ ਬੱਚੇ ਪਰਦੇਸ਼ ਨੂੰ।

ਵਾਸਤਾ ਜੇ ਰੱਬ ਦਾ ਨਾ ਭੇਜਿਉ ਅਜ਼ਾਦੀ ਦੀਆਂ ਵਧਾਈਆਂ
ਸਾਡੀ ਹੋਈ ਬਰਬਾਦੀ ਦੀਆਂ ਯਾਦਾਂ ਫਿਰ ਨੇ ਮੁੜ ਆਈਆਂ
ਲੁੱਟ ਮਾਰ, ਵੱਢ ਟੁੱਕ ਹੋਏ ਖੂਨ ਖਰਾਬੇ ਦੀਆਂ ਕਹਾਣੀਆਂ
ਜਸਵਿੰਦਰਾ ਸੁਣੀਆਂ ਨਹੀਂ ਜਾਂਦੀਆਂ ਨਹੀਂਉ ਜਾਂਦੀਆਂ ਸੁਣਾਈਆਂ
ਵਾਸਤਾ ਜੇ ਰੱਬ ਦਾ ਨਾ ਭੇਜਿਓ ਅਜ਼ਾਦੀ ਦੀਆਂ ਵਧਾਈਆਂ।2008202207

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ ਫਿਰੋਜ਼ਪੁਰ।
ਮੋ – 7589155501

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …