Friday, July 26, 2024

ਸੇਵਾ ਮੁਕਤੀ (ਮੂੰਹ ਆਈ ਗੱਲ)

               ਨਿਮਾਣਾ ਸਿਹੁੰ ਦੇ ਇੱਕ ਸਾਥੀ ਦੇ ਸੇਵਾਮੁਕਤ ਹੋਣ ‘ਚ ਥੋੜ੍ਹੇ ਹੀ ਦਿਨ ਰਹਿ ਗਏ ਸਨ।ਉਸ ਨੂੰ ਬਿਨਾਂ ਮੰਗਿਆਂ ਸਲਾਹਾਂ ਦੇਣ ਵਾਲੇ ਹਰ ਮੋੜ `ਤੇ ਮਿਲ ਜਾਂਦੇ।ਉਸ ਨੂੰ ਸਮਝਾਉਂਦੇ ਕਿ ਵੇਖਿਓ ਵਿਹਲੇ ਨਾ ਰਹਿਓ।ਭਾਵੇਂ ਗੁਜ਼ਾਰੇ ਜੋਗੀ ਤੁਹਾਡੀ ਪੈਨਸ਼ਨ ਲੱਗ ਹੀ ਜਾਣੀ, ਪਰ ਕੋਈ ਨਾ ਕੋਈ ਰੁਝੇਵਾਂ ਜ਼ਰੂਰ ਰੱਖਿਓ।ਅਸੀਂ ਬੜੇ ਵੇਖੇ ਜੇ ਸੇਵਾਮੁਕਤੀ ਤੋਂ ਬਾਅਦ ਜਾਂ ਤਾਂ ਕਈ ਲੋਕ ਪਾਗ਼ਲ ਹੋ ਗਏ ਜਾਂ ਰੱਬ ਨੂੰ ਪਿਆਰੇ।ਸਲਾਹਾਂ ਦੇਣ ਵਾਲਿਆਂ ਵੱਲ ਵੇਖ ਕੇ ਘਰਦੇ ਵੀ ਗਰਮ ਲੋਹੇ `ਤੇ ਸੱਟ ਮਾਰਨ ਵਾਂਗ ਸ਼ੁਰੂ ਹੋ ਜਾਂਦੇ।ਅਸੀਂ ਵੀ ਇਨ੍ਹਾਂ ਨਾਲ ਇਹੋ ਮੱਥਾ ਮਾਰਦੇ ਰਹਿੰਦੇ ਹਾਂ, ਪਰ ਇਹਨਾਂ ਇੱਕੋ ਰਟ ਲਾਈ ਕਿ ਮੈਂ ਰਹਿੰਦੀ ਜ਼ਿੰਦਗੀ ਟੈਨਸ਼ਨ ਰਹਿਤ ਆਪਣੀ ਮਰਜ਼ੀ ਨਾਲ਼ ਜਿਉਣੀਂ ਹੈ।ਨਿਮਾਣੇ ਦਾ ਸਾਥੀ ਹੋਰ ਤੁਲ਼ ਫੜ੍ਹਦਾ ਬੋਲਦਾ ਡਾਕਟਰਾਂ ਨੇ ਚਾਹ ਵੀ ਫਿੱਕੀ ਪੀਣ ਨੂੰ ਕਿਹਾ, ਤਲੀਆਂ ਚੀਜ਼ਾਂ ਵੀ ਬੰਦ, ਮੈਦੇ ਤੋਂ ਬਣੀਆਂ ਵਸਤੂਆਂ ਵੀ ਖਾਣੀਆਂ ਬੰਦ।ਦੋ ਫੁਲ਼ਕੇ ਖਾਣੇ ਆਂ ਉਹ ਵੀ ਅਣਚੋਪੜੇ।
                 ਉਹ ਭਰੇ ਮਨ ਨਾਲ਼ ਬੋਲ਼ਦਾ ਕਿ ਸਾਰੀ ਜ਼ਿੰਦਗੀ ਪਾਈ-ਪਾਈ ਜੋੜ ਮੂੰਹ ਬੰਨ੍ਹ ਕਰਜ਼ਾ ਚੁੱਕ ਘਰ ਬਣਾਇਆ।ਨਾ ਦਿਨ ਚੜ੍ਹਦਾ ਵੇਖਿਆ ਤੇ ਨਾ ਰਾਤ ਪੈਂਦੀ।ਮੈਨੂੰ ਹੁਣ ਚਾਰ ਸਾਲ ਤਾਂ ਸਕੂਨ ਨਾਲ਼ ਘਰਦੇ ਵਿਚ ਰਹਿ ਲੈਣ ਦਿਓ।ਮੈਂ ਵੀ ਆਪਣੇ ਪੋਤਰੇ ਪੋਤਰੀਆਂ ਦੋਹਤੇ-ਦੋਹਤੀਆਂ ਵਿਚ ਰਹਿ ਕੇ ਆਪਣਾ ਬਚਪਨ ਚੇਤੇ ਕਰਦਿਆਂ ਘਰ ਦਾ ਆਨੰਦ ਮਾਣ ਸਕਾਂ।ਇਹ ਸਭ ਦੀਆਂ ਕਨਸੋਆਂ ਜਦੋਂ ਨਿਮਾਣਾਂ ਸਿਹੁੰ ਦੇ ਕੰਨੀਂ ਪਈਆਂ ਤਾਂ ਉਹ ਵੀ ਆਪਣੇ ਸਾਥੀ ਦੇ ਘਰੇ ਬਿਨਾਂ ਮੰਗਿਆਂ ਸਲਾਹ ਦੇਣ ਤੁਰ ਪਿਆ।ਉਸ ਦੇ ਸਾਥੀ ਦੀ ਸ੍ਰੀਮਤੀ ਜੀ ਬੋਲ਼ੇ, ਵੇਖੋ ਨਿਮਾਣਾ ਸਿਹੁੰ ਜੀ, ਸਾਨੂੰ ਇਨ੍ਹਾਂ ਦੇ ਘਰ ਰਹਿਣ ਤੇ ਕੋਈ ਇਤਰਾਜ਼ ਨਹੀਂ, ਪਰ ਇਨ੍ਹਾਂ ਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ।ਇਨ੍ਹਾਂ 10 ਵਜੇ ਤਕ ਸੁੱਤੇ ਨੀ ਉੱਠਿਆ ਕਰਨਾ।ਅਸੀਂ ਝਾੜੂ ਪੋਚਾ ਵੀ ਲਾਉਣਾ, ਰੋਟੀਆਂ ਪਕਾ ਖਾਅ, ਭਾਂਡੇ ਮਾਂਜ਼ ਵਿਹਲੇ ਹੋ ਜਾਣਾ।ਇਨ੍ਹਾਂ ਨੇ ਫਿਰ ਕਹਿਣਾ ਮੈਨੂੰ ਹੁਣ ਰੋਟੀ ਦਿਓ ਖਾਣ ਨੂੰ।ਅਸੀਂ ਤਾਂ ਫਿਰ ਇਨ੍ਹਾਂ ਜੋਗੇ ਹੀ ਰਹਿ ਜਾਵਾਂਗੇ।ਇਹਨਾਂ ਦਾ ਕੋਈ ਹਾਲ਼ ਥੋੜੀ ਆ, ਇਨ੍ਹਾਂ ਨੂੰ ਚਾਹ ਪਿਆ ਕੇ ਹਟੇ ਤੇ ਫਿਰ ਇਨ੍ਹਾਂ ਦਾ ਕੋਈ ਸੰਗੀ ਸਾਥੀ ਆ ਜਾਣਾਂ।ਇਹਨਾਂ ਦੇ ਘਰ ਹੁੰਦਿਆਂ ਅਸੀਂ ਤਾਂ ਸਾਰੀ ਦਿਹਾੜੀ ਰਸੋਈ ਚੋਂ ਬਾਹਰ ਨਹੀਂ ਨਿਕਲ ਸਕਦੀਆਂ—-।
                   ਨਿਮਾਣਾਂ ਸਿਹੁੰ ਕੁੱਝ ਬੋਲਣ ਤੋਂ ਪਹਿਲਾਂ ਹੀ ਹੌਲੀ ਜਿਹੀ ਆਪਣਾ ਖੂੰਡਾ ਫੜ੍ਹ ਕੇ ਸੱਥ ਵੱਲ ਨੂੰ ਤੁਰਿਆ ਜਾਂਦਾ ਸਮੇਂ ਬਾਰੇ ਸੋਚਦਾ ਕਿ ਕਦੇ ਉਹ ਵੀ ਸਮਾਂ ਹੁੰਦਾ ਹੈ, ਜਦ ਬੱਚੇ ਆਪਣੇ ਮਾਪਿਆਂ ਦੇ ਘਰ ਬਾਦਸ਼ਾਹਾਂ ਵਾਂਗ ਰਹਿੰਦੇ ਸਨ, ਪਰ ਜਦ ਬੱਚਿਆਂ ਨੂੰ ਬਜ਼ੁਰਗ ਮਾਪੇ ਰੱਖਣੇ ਪੈ ਜਾਣ ਤਾਂ ਫਿਰ ਬਹੁਤ ਸਾਰੇ ਬਿਰਧ ਆਸ਼ਰਮ ਵੱਲ ਤੋਰ ਦਿੰਦੇ।ਇਹ ਕੁਦਰਤ ਦਾ ਕੈਸਾ ਖੇਲ੍ਹ ਹੈ! ਮਨ ਨੂੰ ਧਰਵਾਸ ਦੇਣ ਲਈ ਫਿਰ ਉਸ ਨੂੰ ਆਪਣੇ ਸਵ: ਪਿਤਾ ਦੀਆਂ ਸੁਣਾਈਆਂ ਗੱਲਾਂ ਯਾਦ ਆਈਆਂ ਕਿ ਪੁੱਤਰਾ! ਹਰ ਚੀਜ਼ ਦੀ ਮੁਨਿਆਦ ਹੁੰਦੀ ਆ।ਕਿਸੇ ਸਮੇਂ ਲੋਕ ਸਾਈਕਲ ਦਾ ਘਸਿਆ ਟਾਇਰ ਵੀ ਸੰਭਾਲ ਕੇ ਰੱਖਦੇ ਸਨ, ਪਰ ਹੁਣ ਚਾਅ ਨਾਲ ਖਰੀਦੀ ਵਸਤੂ ਵੀ ਸਮੇਂ ਦੇ ਨਾਲ਼ ਆਪਣੇ ਹੱਥੀਂ ਕਬਾੜ `ਚ ਵੇਚਣੀ ਪੈਂਦੀ। 2008202206

ਸੁਖਬੀਰ ਸਿੰਘ ਖੁਰਮਣੀਆਂ
ਪੈਰਾਡਾਈਜ਼ 2 ਗੁਰੂ ਹਰਿਗੋਬਿੰਦ ਐਵਨਿਊ
ਛੇਹਰਟਾ (ਅੰਮ੍ਰਿਤਸਰ)।ਮੋ – 9855512677

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …