Friday, November 22, 2024

ਪਿੰਡ ਕੁੱਲੇਵਾਲ ਦੰਗਲ ਵਿੱਚ ਝੰਡੀ ਦੀ ਕੁਸ਼ਤੀ ਭੋਲਾ ਅਟਾਰੀ ਤੇ ਮੁਨੀਸ਼ ਡੂਮਛੇੜੀ ਦਰਮਿਆਨ ਬਰਾਬਰ ਰਹੀ

ਸਮਰਾਲਾ 21 ਅਗਸਤ (ਇੰਦਰਜੀਤ ਸਿੰਘ ਕੰਗ) – ਪਿੰਡ ਕੁਲੇਵਾਲ ਵਿਖੇ ਗੁੱਗਾ ਮਾੜੀ ਦੰਗਲ ਕਮੇਟੀ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਸਵ: ਸ਼ੇਰ ਸਿੰਘ ਨੰਬਰਦਾਰ ਦੀ ਯਾਦ ਨੂੰ ਸਮਰਪਿਤ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ।ਜਗਤਾਰ ਸਿੰਘ ਗੋਗੀ ਸਰਪੰਚ, ਸੁਰਜੀਤ ਸਿੰਘ ਅਤੇ ਡਾਕਟਰ ਹਰਪਾਲ ਸਿੰਘ ਪੰਚ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 150 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਇਸ ਛਿੰਝ ਦੀ ਕੁਮੈਂਟਰੀ ਸਿਮਰਨਜੀਤ ਚੀਮਾ ਨੇ ਲੱਛੇਦਾਰ ਬੋਲਾਂ ਨਾਲ ਕੀਤੀ।
ਇਸ ਛਿੰਝ ਦੌਰਾਨ ਤਿੰਨ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ।ਜਿਸ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਮੁਨੀਸ਼ ਡੂਮਛੇੜੀ ਅਤੇ ਭੋਲਾ ਅਟਾਰੀ ਦਰਮਿਆਨ ਹੋਈ, ਜੋ ਬਹੁਤ ਹੀ ਕਾਂਟੇਦਾਰ ਸੀ, ਦੋਨਾਂ ਪਹਿਲਵਾਨਾਂ ਦਰਮਿਆਨ 20 ਮਿੰਟ ਕੁਸ਼ਤੀ ਹੁੰਦੀ ਰਹੀ, ਪ੍ਰੰਤੂ ਕੋਈ ਨਤੀਜ਼ਾ ਸਾਹਮਣੇ ਨਾ ਆਇਆ ਤਾਂ ਪ੍ਰਬੰਧਕਾਂ ਨੇ ਪੁਆਇੰਟਾਂ ਦੇ ਅਧਾਰ ‘ਤੇ ਕੁਸ਼ਤੀ ਕਰਵਾਈ, ਇਸ ਦੌਰਾਨ ਵੀ ਕੋਈ ਨਤੀਜਾ ਸਾਹਮਣੇ ਨਾ ਆਇਆ।ਅਖੀਰ ਪ੍ਰਬੰਧਕਾਂ ਨੇ ਦੋਨਾਂ ਨੂੰ ਸਾਂਝੇ ਤੌਰ ‘ਤੇ ਜੇਤੂ ਕਰਾਰ ਦੇ ਦਿੱਤਾ।
            ਦੂਜੀ ਝੰਡੀ ਦੀ ਕੁਸ਼ਤੀ ਕਾਲੂ ਉਟਾਲਾਂ ਅਤੇ ਕਾਕਾ ਢਿੱਲਵਾਂ ਦਰਮਿਆਨ ਹੋਈ, ਇਹ ਕੁਸ਼ਤੀ ਵੀ ਕਾਫੀ ਦਿਲਚਸਪ ਰਹੀ, ਦੋਨੋ ਪਹਿਲਵਾਨ ਬਰਾਬਰ ਰਹੇ।
                  ਤੀਜ਼ੀ ਝੰਡੀ ਦੀ ਕੁਸ਼ਤੀ ‘ਚ ਜੱਸਾ ਉਟਾਲਾਂ ਨੇ ਗੋਲਡੀ ਫਿਰੋਜ਼ਪੁਰ ਨੂੰ ਅੰਕਾਂ ਦੇ ਅਧਾਰ ‘ਤੇ ਹਰਾਇਆ ਅਤੇ ਝੰਡੀ ਦੀ ਕੁਸ਼ਤੀ ‘ਤੇ ਕਬਜ਼ਾ ਕਰ ਲਿਆ।ਇਸੇ ਦੌਰਾਨ ਸੁਰਜਨ ਫਗਵਾੜਾ ਨੇ ਗੁਰਸੇਵਕ ਮੁਸ਼ਕਾਬਾਦ ਨੂੰ, ਜੋਤ ਮਲਕਪੁਰ ਨੇ ਸਨੀ ਮੁਸ਼ਕਾਬਾਦ ਨੂੰ ਵੀ ਅੰਕਾਂ ਦੇ ਅਧਾਰ ‘ਤੇ ਹਰਾਇਆ।ਇਸ ਤੋਂ ਇਲਾਵਾ ਸਿੰਮਾ ਮਲਕਪੁਰ ਤੇ ਸਹਿਜ ਜਗਰਾਓਂ, ਦੀਪਕ ਡੂਮਛੇੜੀ ਤੇ ਨਵਾਬ ਅਲੀ ਕ੍ਰਮਵਾਰ ਬਰਾਬਰ ਰਹੇ।
                   ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਹਰਬੰਸ ਸਿੰਘ ਐਸ.ਡੀ.ਓ, ਕਸ਼ਮੀਰੀ ਲਾਲ, ਮੇਜਰ ਬਾਲਿਓਂ ਆਮ ਆਦਮੀ ਪਾਰਟੀ, ਸੁੱਖਾ ਸਰਪੰਚ ਰਾਜੇਵਾਲ, ਕੁਲਦੀਪ ਸਿੰਘ, ਸਤਨਾਮ ਸਿੰਘ, ਸਵਰਨਜੀਤ ਸਿੰਘ ਬਾਠ, ਰਣਧੀਰ ਸਿੰਘ ਧੀਰਾ ਮੈਂਬਰ ਬਲਾਕ ਸੰਮਤੀ, ਪ੍ਰੇਮਵੀਰ ਸੱਦੀ ਸਰਪੰਚ, ਅਵਤਾਰ ਸਿੰਘ ਸਰਪੰਚ ਸਮਸ਼ਪੁਰ, ਤੇਜਿੰਦਰ ਸਿੰਘ ਸਰਪੰਚ ਮਾਣਕੀ, ਜਗਦੇਵ ਸਿੰਘ ਢਿੱਲਵਾਂ, ਬਲਦੇਵ ਸਿੰਘ ਨੰਬਰਦਾਰ ਆਦਿ ਤੋਂ ਇਲਾਕੇ ਦੀਆਂ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਦੰਗਲ ਮੇਲੇ ‘ਚ ਪੁੱਜੇ ਪਹਿਲਵਾਨਾਂ ਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ।
                      ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਜਗਤਾਰ ਸਿੰਘ ਸਰਪੰਚ, ਸੁਰਜੀਤ ਸਿੰਘ ਪ੍ਰਧਾਨ, ਕਰਨੈਲ ਸਿੰਘ, ਲਾਭ ਸਿੰਘ, ਗੁਰਪ੍ਰੀਤ ਸਿੰਘ, ਕਿਰਨਦੀਪ ਸਿੰਘ ਪੰਚ, ਹਰਪਾਲ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਮੇਵਾ ਸਿੰਘ ਪੰਚ, ਜਸਵੰਤ ਸਿੰਘ ਪੰਚ, ਰਣਜੀਤ ਸਿੰਘ ਪੰਚ, ਗੁਰਦੀਪ ਸਿੰਘ ਬਾਠ ਆਦਿ ਤੋਂ ਇਲਾਵਾ ਪਿੰਡ ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …