ਪਟਿਆਲਾ, 17 ਸਤੰਬਰ (ਡਾ. ਜਸਵੰਤ ਸਿੰਘ ਪੁਰੀ) – ਪੰਜਾਬੀ ਦੇ ਸਿਰਮੌਰ ਸ਼ਾਇਰ ਸੱਯਦ ਵਾਰਿਸ ਸ਼ਾਹ ਦਾ 300 ਸਾਲਾ ਮਨਾਉਣ ਲਈ ਪੰਜਾਬੀ ਯੂਨੀਵਰਸਿਟੀ ਵਲੋਂ ਉਲੀਕੀ ਗਈ ਪ੍ਰੋਗਰਾਮ ਲੜੀ ਦੀ ਅੱਜ ਸ਼ੁਰੂਆਤ ਹੋ ਗਈ ਹੈ।ਪਹਿਲੇ ਪ੍ਰੋਗਰਾਮ ਵਜੋਂ ਯੂਨੀਵਰਸਿਟੀ ਦੇ ਦੂਰਵਰਤੀ ਸਿੱਖਿਆ ਵਿਭਾਗ ਵਿਖੇ ਪ੍ਰਸਿੱਧ ਚਿੰਤਕ ਸੁਮੇਲ ਸਿੰਘ ਸਿੱਧੂ ਦਾ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।
ਵਾਰਿਸ ਸ਼ਾਹ ਵਲੋਂ ਰਚਿਤ ਪੋਥੀ `ਹੀਰ ਵਾਰਿਸ` ਦੇ ਵਿਸ਼ੇਸ਼ ਪ੍ਰਸੰਗ ਵਿੱਚ ਅਹਿਮ ਟਿੱਪਣੀਆਂ ਕਰਦਿਆਂ ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਇਹ ਪੋਥੀ ਸਾਨੂੰ ਪੰਜਾਬ ਨਾਲ ਪਿਆਰ ਕਰਨ ਦੇ ਕਾਰਨਾਂ ਵੱਲ ਲੈ ਕੇ ਜਾਂਦੀ ਹੈ।
ਉਨ੍ਹਾਂ ਕਿਹਾ ਕਿ `ਹੀਰ ਵਾਰਿਸ` ਵਿੱਚ ਪੰਜਾਬੀ ਲੋਕਾਈ ਨੂੰ ਸੇਧ ਦੇਣ ਦੀ ਅਥਾਹ ਸਮਰਥਾ ਹੈ।ਪਰ ਪੰਜਾਬੀ ਚਿੰਤਨ ਨੇ ਇਸ ਪੋਥੀ ਨਾਲ਼ ਵਧੇਰੇ ਸੰਤੋਸ਼ਜਨਕ ਸਲੂਕ ਨਹੀਂ ਕੀਤਾ ਹੈ।ਉਨ੍ਹਾਂ ਕਿਹਾ ਕਿ ਅਸੀਂ ਇਸ ਪੋਥੀ ਦੀ ਸਮਰੱਥਾ ਨੂੰ ਪੂਰਾ ਨਹੀਂ ਪਛਾਣ ਸਕੇ ਹਾਂ।ਬਲਕਿ ਕੁੱਝ ਅਧਿਐਨ ਸਕੂਲਾਂ ਵਲੋਂ ਇਸ ਬਾਰੇ ਪੇਤਲ਼ੇ ਪੱਧਰ ਦਾ ਅਧਿਐਨ ਕਰਦਿਆਂ ਬਹੁਤ ਸਾਰੀਆਂ ਗ਼ਲਤ ਧਾਰਨਾਵਾਂ ਨੂੰ ਪ੍ਰਚਾਰਿਆ ਜਾਂਦਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਜਿਹਾ ਹੋਣਾ ਸਾਡੀ ਆਪਣੇ ਮੂਲ ਫ਼ਲਸਫ਼ੇ ਦੀ ਸਮਰੱਥਾ ਵਿੱਚ ਬੇਯਕੀਨੀ ਨੂੰ ਉਜ਼ਾਗਰ ਕਰਦਾ ਹੈ।
ਪੰਜਾਬੀ ਸਾਹਿਤ ਦੀ ਕਾਲ ਵੰਡ ਬਾਰੇ ਬੋਲਦਿਆਂ ਕਿਹਾ ਕਿ ਸਾਹਿਤ ਦੇ ਖੇਤਰ ਵਿੱਚ ਪੋਸਟ ਗਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਅਸੀਂ ਵੱਖ-ਵੱਖ ਧਾਰਾਵਾਂ ਦੇ ਸਾਹਿਤ ਨੂੰ ਏਨਾ ਸ਼ਰੇਣੀਬੱਧ ਕਰ ਲਿਆ ਹੈ ਕਿ ਇਨ੍ਹਾਂ ਵੱਖ-ਵੱਖ ਧਾਰਾਵਾਂ ਅੰਦਰਲੀ ਸਾਂਝੀ ਸੁਰ ਨੂੰ ਪਛਾਨਣ ਦਾ ਯਤਨ ਨਹੀਂ ਕਰਦੇ।ਉਨ੍ਹਾਂ ਕਿਹਾ ਕਿ ਵਾਰਿਸ ਸ਼ਾਹ ਦੀ ਹੀਰ ਵਿਚਲਾ ਫ਼ਲਸਫ਼ਾ ਇਸ ਸਾਂਝੀ ਸੁਰ ਨੂੰ ਪਛਾਣਨ ਅਤੇ ਇੱਕ ਸਾਂਝੀ ਕੜੀ ਬਣਨ ਦੀ ਸਮਰੱਥਾ ਰੱਖਦਾ ਹੈ।
ਉਨ੍ਹਾਂ ਦੱਸਿਆ ਕਿ ਵਾਰਿਸ ਸ਼ਾਹ ਦੀ ਖੂਬਸੂਰਤੀ ਇਸ ਗੱਲ ਵਿੱਚ ਵੀ ਹੈ ਕਿ ਉਹ ਆਪਣੀ ਰਚਨਾ ਲਈ ਕਿਸੇ ਤਰ੍ਹਾਂ ਦੇ ਇਲਹਾਮ ਦਾ ਦਾਅਵਾ ਨਹੀਂ ਕਰਦਾ ਹੈ, ਬਲਕਿ ਆਪਣੇ ਸ਼ਿਲਪ ਅਤੇ ਸ਼ਿੱਦਤ ਉਤੇ ਮਾਣ ਕਰਦਾ ਹੈ, ਜੋ ਕਿ ਉਸ ਦੇ ਇੱਕ ਬੈਂਤ ਵਿੱਚ ਉਸ ਸਮੇਂ ਸਪੱਸ਼ਟ ਹੋ ਜਾਂਦਾ ਹੈ ਜਦੋਂ ਉਹ `ਫਿ਼ਕਰਾ ਜੋੜ ਕੇ ਦਰੁਸਤ` ਕਰਨ ਦੀ ਗੱਲ ਦਾ ਦਾਅਵਾ ਕਰਦਾ ਹੈ।ਇਹ ਗੱਲ ਸਾਡੇ ਅੱਜ ਦੇ ਰਚਨਾਕਾਰਾਂ ਨੂੰ ਵੀ ਵਧੇਰੇ ਸ਼ਿੱਦਤ ਨਾਲ ਕੰਮ ਕਰਨ ਲਈ ਪ੍ਰੇਰਦੀ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵਲੋਂ ਇਸ ਸਮੇਂ ਦਿੱਤੇ ਗਏ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਹਵਾਲੇ ਨਾਲ ਗੱਲ ਕੀਤੀ ਗਈ।ਪ੍ਰੋਗਰਾਮ ਦਾ ਸੰਚਾਲਨ ਡਾ. ਗੁਰਪ੍ਰੀਤ ਕੌਰ ਬਰਾੜ ਵਲੋਂ ਕੀਤਾ ਗਿਆ।
ਇਸ ਮੌਕੇ ਡੀਨ ਭਾਸ਼ਾਵਾਂ ਪ੍ਰੋ. ਰਾਜਿੰਦਰ ਪਾਲ ਸਿੰਘ ਅਤੇ ਮੁਖੀ ਦੂਰਵਰਤੀ ਸਿਖਿਆ ਵਿਭਾਗ ਪ੍ਰੋ. ਸਤਨਾਮ ਸਿੰਘ ਸੰਧੂ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …