Monday, April 22, 2024

ਲਾਇਸੰਸਸ਼ੁਦਾ ਸੌਫਟਵੇਅਰਜ਼ ਦੇ ਦਿਨ ਹੁਣ ਬੀਤੇ – ਡਾ. ਨਵਜੋਤ ਕੌਰ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੱਤ ਦਿਨਾ ਰਾਸ਼ਟਰੀ ਵਰਕਸ਼ਾਪ ਆਰੰਭ

ਪਟਿਆਲਾ, 17 ਸਤੰਬਰ (ਡਾ. ਜਸਵੰਤ ਸਿੰਘ ਪੁਰੀ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਲੋਂ ਕਰਵਾਈ ਜਾ ਰਹੀ ਸੱਤ ਦਿਨਾ ਰਾਸ਼ਟਰੀ ਵਰਕਸ਼ਾਪ ਦੀ ਸ਼ੁਰੂਆਤ ਹੋ ਗਈ ਹੈ।ਇਸ ਵਰਕਸ਼ਾਪ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਲਗਭਗ 40 ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਅਤੇ ਖੋਜਕਰਤਾਵਾਂ ਨੇ ਭਾਗ ਲਿਆ ਹੈ।
ਵੱਖ-ਵੱਖ ਸਾਫ਼ਟਵੇਅਰਾਂ ਲਈ ਵਰਤੇ ਜਾਂਦੇ ਓਪਨ ਸਰੋਤ `ਆਰ ਅਤੇ ਆਰ-ਸਟੂਡੀਓ` ਦੇ ਹਵਾਲੇ ਨਾਲ ਕਰਵਾਈ ਜਾ ਰਹੀ ਇਸ ਵਰਕਸ਼ਾਪ ਦਾ ਉਦਘਾਟਨ ਵਾਈਸ ਚਾਂਸਲਰ, ਪ੍ਰੋ. ਅਰਵਿੰਦ ਵਲੋਂ ਕੀਤਾ ਗਿਆ।ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਦੇ ਪ੍ਰੋਫੈਸਰ ਅਤੇ ਮੁਖੀ ਡਾ. ਨਵਜੋਤ ਕੌਰ ਨੇ ਦੱਸਿਆ ਕਿ ਵਿਭਾਗ ਸਮੇਂ-ਸਮੇਂ ‘ਤੇ ਅਜੋਕੇ ਸਮੇਂ ਦੇ ਅਨੁਕੂਲ ਅਕਾਦਮਿਕ ਯਤਨ ਕਰਦਾ ਰਹਿੰਦਾ ਹੈ।ਵਰਕਸ਼ਾਪ ਦੇ ਵਿਸ਼ੇ ਨੂੰ ਉਜ਼ਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਲਾਇਸੰਸਸ਼ੁਦਾ ਸੌਫਟਵੇਅਰਜ਼ ਦੇ ਦਿਨ ਹੁਣ ਬੀਤ ਗਏ ਹਨ, ਜਦੋਂ ਕੁੱਝ ਵਿਸ਼ੇਸ਼ ਕੰਪਨੀਆਂ ਪੂਰਨ ਏਕਾਧਿਕਾਰ ਦਾ ਆਨੰਦ ਮਾਣਦੀਆਂ ਸਨ ਅਤੇ ਆਪਣੇ ਸੌਫਟਵੇਅਰ ਅਤੇ ਅਪਡੇਟਸ ਲਈ ਬਹੁਤ ਜ਼ਿਆਦਾ ਕੀਮਤ ਵਸੂਲਦੀਆਂ ਸਨ।ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਅਕਾਦਮਿਕ ਅਤੇ ਖੋਜ਼ ਭਾਈਚਾਰੇ ਕੋਲ ਮੁਫਤ ਅਤੇ ਖੁੱਲ੍ਹੇ ਸਾਫਟਵੇਅਰ ਪਲੇਟਫਾਰਮਾਂ ਤੋਂ ਬਹੁਤ ਸਾਰੀਆਂ ਚੋਣਾਂ ਉਪਲੱਬਧ ਹੁੰਦੀਆਂ ਹਨ।ਅਕਾਦਮਿਕ ਭਾਈਚਾਰੇ ਵਿੱਚ ਇਨ੍ਹਾਂ ਵੱਖ-ਵੱਖ ਓਪਨ-ਸੋਰਸ ਪਲੇਟਫਾਰਮਾਂ ਬਾਰੇ ਸਿਰਫ ਜਾਗਰੂਕਤਾ ਅਤੇ ਸਿੱਖਣ ਦੀ ਕਮੀ ਹੈ।ਉਨ੍ਹਾਂ ਦੱਸਿਆ ਕਿ ਇਹ ਸੱਤ ਦਿਨਾ ਵਰਕਸ਼ਾਪ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਆਪਕ ਤੌਰ `ਤੇ ਵਰਤੇ ਜਾਣ ਵਾਲੇ ਓਪਨ-ਸੋਰਸ ਪਲੇਟਫਾਰਮ ਜੋ ਕਿ ਆਰ ਅਤੇ ਆਰ-ਸਟੂਡੀਓ ਹੈ, ਨੂੰ ਤਜ਼ੱਰਬੇ `ਤੇ ਗਹਿਰਾਈ ਨਾਲ ਸਮਝਣ ਵੱਲ ਇੱਕ ਕਦਮ ਹੈ।ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਦੇ ਤਕਨੀਕੀ ਸੈਸ਼ਨਾਂ ਦੌਰਾਨ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਉਘੇ ਮਾਹਿਰ ਸੰਬੋਧਨ ਕਰਨਗੇ।ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਡਾ. ਮਨੋਜ ਕੁਮਾਰ ਦਿਵਾਕਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋਫੈਸਰ ਸੁਰੇਸ਼ ਕੁਮਾਰ ਸ਼ਰਮਾ, ਡਾ. ਤਨਵੀਰ ਕਾਜਲਾ, ਨੈਲਸਰ ਯੂਨੀਵਰਸਿਟੀ ਆਫ਼ ਲਾਅ, ਹੈਦਰਾਬਾਦ ਅਤੇ ਪ੍ਰੋਫੈਸਰ ਕਪਿਲ ਹਰੀ ਪਰਾਂਜਾਪੇ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਆਦਿ ਸ਼ਾਮਲ ਹਨ।
ਪ੍ਰੋਫੈਸਰ ਅਰਵਿੰਦ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਭਾਗ ਦੇ ਮੁਖੀ ਅਤੇ ਵਰਕਸ਼ਾਪ ਕੋਆਰਡੀਨੇਟਰ ਡਾ. ਸੰਦੀਪ ਵਿਰਦੀ, ਡਾ. ਪ੍ਰਨੀਤ ਕੌਰ ਅਤੇ ਡਾ. ਸ਼ਵੀਨਾ ਗੋਇਲ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਇਹ ਵਰਕਸ਼ਾਪ                      ਖੋਜ਼ਕਰਤਾਵਾਂ ਅਤੇ ਅਧਿਆਪਕਾਂ ਲਈ ਉਪਯੋਗੀ ਹੈ।ਉਨ੍ਹਾਂ ਕਿਹਾ ਕਿ ਨਾ ਸਿਰਫ ਭਵਿੱਖ ਸਗੋਂ ਵਰਤਮਾਨ ਵੀ ਖੁੱਲ੍ਹੇ ਸਰੋਤ ਪਲੇਟਫਾਰਮਾਂ ਨਾਲ ਸਬੰਧਤ ਹੈ, ਜੋ ਵਰਤੋਂਕਾਰਾਂ ਨੂੰ ਬਿਨਾਂ ਕਿਸੇ ਕੀਮਤ ਦੇ ਸਾਫ਼ਟਵੇਅਰ ਦੀ ਵਰਤੋਂ ਕਰਨ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀਨੀ: ਸੈਕੰ: ਸਕੂਲ 10ਵੀਂ ਦਾ ਨਤੀਜਾ ਸ਼ਾਨਦਾਰ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …