Tuesday, April 22, 2025

12 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਦੂਜੇ ਪੰਜਾਬੀ ਨਾਟਕ ‘ਕੌਮਾਗਾਟਾਮਾਰੂ’ 1914 ਨੂੰ ਭਰਵਾਂ ਹੁੰਗਾਰਾ

PPN0712201417
ਅੰਮ੍ਰਿਤਸਰ, 7 ਦਸੰਬਰ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ 12 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਨੂੰ ਅੱਗੇ ਤੋਰਦੇ ਹੋਏ ਦੂਜੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵੱਲੋਂ ਗੁਰਪ੍ਰੀਤ ਸਿੰਘ ਰਟੌਲ ਦਾ ਲਿਖਿਆ ਅਤੇ ਜਸਪਾਲ ਕੌਰ ਦਿਓਲ ਦੀ ਨਿਰਦੇਸ਼ਨਾ ਹੇਠ ਪੰਜਾਬੀ ਨਾਟਕ ‘ਕੌਮਾਗਾਟਾਮਾਰੂ 1914 (ਇੱਕ ਜਖ਼ਮੀ ਪਰਵਾਜ) ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਖੇਡਿਆ ਗਿਆ। ਇਸ ਨਾਟਕ ਵਿੱਚ ਕਾਮਾਗਾਟਾਮਾਰੂ ਦੀ ਗਾਥਾ ਨੂੰ ਬਿਰਤਾਂਤ ਰੂਪ ਵਿੱਚ ਪੇਸ਼ ਕੀਤਾ ਗਿਆ। ਇਸ ਨਾਟਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਗਾਥਾ ਦੀਆਂ ਸਾਰੀਆਂ ਮਹੱਤਵਪੂਰਨ ਘਟਨਾਵਾਂ, ਮਿਤੀਆਂ ਅਤੇ ਸਥਾਨਾਂ ਨੂੰ ਲੜੀਬੱਧ ਪੇਸ਼ ਕੀਤਾ ਗਿਆ ਹੈ। ਇਸ ਨਾਟਕ ਦਾ ਨਾਟਿਕ ਗੁਰਦਿਤ ਸਿੰਘ ਇੱਕ ਅਮੀਰ ਪੰਜਾਬੀ ਵਪਾਰੀ ਹੈ ਜਿਸਨੇ 1914 ਵਿੱਚ ਹਾਂਗਕਾਂਗ ਵਿੱਚ ਫਸੇ ਕੁੱਝ ਪੰਜਾਬੀਆਂ ਨੂੰ ਕੈਨੇਡਾ ਪਹੁੰਚਾਉਣ ਲਈ ਕੌਮਾਗਾਟਾਮਾਰੂ ਨਾਮਕ ਜਹਾਜ ਕੈਨੇਡਾ ਲਈ ਚਲਾਇਆ ਸੀ। ਜਦੋਂ ਇਹ ਜਹਾਜ ਵੈਨਕੂਵਰ ਪੰਹੁਚਿਆ ਤਾਂ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਇੱਥੇ ਉਤਰਨ ਤੋਂ ਮਨਾ ਕਰ ਦਿੱਤਾ।ਗੁਰਦਿਤ ਸਿੰਘ ਆਪਣੇ ਮੁਸਾਫ਼ਰਾਂ ਨਾਲ  2 ਮਹੀਨੇ ਉਥੇ ਹੀ ਉਤਰਨ ਲਈ ਸੰਘਰਸ਼ ਕਰਦਾ ਰਿਹਾ, ਪਰ ਉਸਦੀ ਹਿੰਦ ਸਰਕਾਰ ਅਤੇ ਕੈਨੇਡਾ ਦੀ ਸਰਕਾਰ ਵੱਲੋਂ ਇੱਕ ਨਾ ਸੁਣੀ, ਅੰਤ ਉਨ੍ਹਾਂ ਨੂੰ ਭਾਰਤ ਵਾਪਿਤ ਮੁੜਨਾ ਪਿਆ। ਭਾਰਤ ਪਹੁੰਚਣ ਤੇ ਬਜ-ਬਜ ਘਾਟ ਜਹਾਜ ਵਿੱਚ ਸਵਾਰ ਮੁਸਾਫ਼ਰਾਂ ਤੇੇ ਗੋਲੀਆਂ ਚਲਾਇਆ, ਜਿਸ ਵਿੱਚ ਕਾਫੀ ਮੁਸਾਫਰ ਸ਼ਹੀਦ ਹੋਏ ਤੇ ਕੁੱਝ ਮੁਸਾਫਰ ਗੰਭੀਰ ਰੂਪ ਵਿੱਚ ਜਖ਼ਮੀ ਹੋਏ ਅਤੇ ਕਈ ਰੂਪੋਸ਼ ਹੋਣ ਲਈ ਮਜਬੂਰ ਹੋ ਗਏ।
ਇਸ ਨਾਟਕ ਵਿੱਚ ਮਨੀਸ਼ ਕੁਮਾਰ, ਜਗਦੀਪ ਸਿੰਘ, ਸੰਦੀਪ ਸਿੰਘ, ਗੁਰਜੀਤ, ਨਿਰਮਲ ਸਿੰਘ, ਬਲਬੀਰ ਸਿੰਘ, ਕਰਮਜੀਤ ਸਿੰਘ, ਜਤਿੰਦਰ, ਗੋਬਿੰਦ ਰਾਏ, ਅਮਨਪਾਲ, ਮਨਜੀਤ, ਗੁਰਬਾਜ ਸਿੰਘ, ਅਨਿਲ ਕੁਮਾਰ, ਕੁਲਦੀਪ ਕੌਰ, ਅਰਸ਼ਦੀਪ, ਗੁਰਸ਼ਬਦ ਸਿੰਘ, ਗੁਰਵੰਤ ਸਿੰਘ, ਮਨਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਨੀਰਜ ਕੁਮਾਰ, ਸ਼ਿਵਮ ਗਰੋਵਰ ਅਤੇ ਲਗਭਗ 40 ਦੇ ਕਰੀਬ ਕਲਾਕਾਰਾਂ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਆਡੀਟੋਰੀਅਮ ਵਿੱਚ ਬੈਠੇ ਦਰਸ਼ਕਾਂ ਨੂੰ 1914 ਦੇ ਵਾਪਰੇ ਉਸ ਮੰਦਭਾਗੇ ਦੁਖਾਂਤ ਨੂੰ ਬਾਖੂਬੀ ਪੇਸ਼ ਕੀਤਾ। ਇਸ ਨਾਟਕ ਦਾ ਗੀਤ ਅਤੇ ਸੰਗੀਤ ਗੁਰਜੀਤ ਸਿੰਘ, ਰਵਿੰਦਰ ਸਿੰਘ ਧਨੋਆ ਤੇ ਅਰਮਾਨ ਅਲੀ ਨੇ ਦਿੱਤਾ। ਇਸ ਨਾਟਕ ਨੂੰ ਵੇਖਣ ਲਈ ਵਿਸ਼ੇਸ਼ ਤੌਰ ਤੇ ਬਾਬਾ ਗੁਰਦਿਤ ਸਿੰਘ ਦੇ ਪਰਿਵਾਰਕ ਮੈਬਰਾਂ ਵਿੱਚੋਂ ਤੇਜਪਾਲ ਸੰਧੂ ਕੈਨੇਡਾ, ਬੀਬੀ ਹਰਭਜਨ ਕੌਰ, ਬਲਬੀਰ ਕੌਰ ਅਤੇ ਕੌਮਾਗਾਟਾਮਾਰੂ ਹੇਰੀਟੇਜ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਡਾ. ਹਰਭਜਨ ਸਿੰਘ ਗਿੱਲ ਪਹੁੰਚੇ।
ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਜਨਰਲ ਸਕੱਤਰ ਜਗਦੀਸ਼ ਸਚਦੇਵਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਵੈਲਫੇਅਰ ਦੇ ਡਾਇਰੈਕਟਰ ਡਾ. ਜਗਜੀਤ ਕੌਰ, ਡਾ. ਅਰਵਿੰਦਰ ਕੌਰ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਸ਼ਿਵਦੇਵ ਸਿੰਘ, ਕੁਲਵੰਤ ਸਿੰਘ ਗਿੱਲ, ਬਰਜੇਸ਼ ਕੁਮਾਰ ਜੌਲੀ, ਬੀਬੀ ਸਵਰਨ ਕੌਰ, ਪਵਨਦੀਪ, ਗੁਰਿੰਦਰ ਮਕਨਾ, ਗੁਰਤੇਜ ਮਾਨ, ਪਵੇਲ ਸੰਧੂ ਆਦਿ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।

Check Also

ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply