ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਰਾਸਤੀ ਸੈਰ ਦਾ ਆਯੋਜਨ
ਅੰਮ੍ਰਿਤਸਰ, 13 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵਿਭਾਗ ਨੇ ਪੰਜਾਬ ਟੂਰਿਜ਼ਮ ਦੇ ਸਹਿਯੋਗ ਨਾਲ ਵਿਸ਼ਵ ਸੈਰ ਸਪਾਟਾ ਦਿਵਸ ਮਨਾਉਂਦਿਆਂ ਵਿਰਾਸਤੀ ਸੈਰ (ਹੈਰੀਟੇਜ ਵਾਕ) ਦਾ ਆਯੋਜਨ ਕੀਤਾ।ਇਹ ਵਾਕ ਮੌਕੇ ਬੀ.ਟੀ.ਟੀ.ਐਮ (ਬੈਚਲਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ) ਅਤੇ ਬੀ.ਐਚ.ਐਮ.ਸੀ.ਟੀ (ਬੈਚਲਰ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ) ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਸੈਰ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਦੀ 400 ਸਾਲਾ ਵਿਰਾਸਤ ਦੇ ਰੂਬਰੂ ਕਰਨਾ ਸੀ।
ਇਸ ਸੈਰ ਦੌਰਾਨ 400 ਸਾਲ ਪੁਰਾਣੇ ਅੰਮ੍ਰਿਤਸਰ ਸ਼ਹਿਰ ਦੀਆਂ ਭੀੜੀਆਂ ਗਲੀਆਂ ਦਾ ਵਿਰਾਸਤੀ ਖਜਾਨਾ ਜਿਵੇਂ ਕਟੜਿਆਂ, ਅਖਾੜਿਆਂ, ਬੁੰਗਿਆਂ, ਹਵੇਲੀਆਂ ਅਤੇ ਹੱਟੀਆਂ ਆਦਿ ਨੂੰ ਨੇੜਿਓਂ ਦੇਖਿਆ ਗਿਆ। ਗੁਰੂ ਸਾਹਿਬਾਨ ਦੁਆਰਾ ਵਸਾਏ ਇਸ ਸ਼ਹਿਰ ਦੀਆਂ ਇਨ੍ਹਾਂ ਗਲੀਆਂ ਵਿਚ ਵਿਚਰਦਿਆਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅਸੀਂ ਵਾਪਿਸ ਉਸ ਸਮੇਂ ਵਿੱਚ ਆ ਗਏ ਹੋਈਏ।ਸ਼ਹਿਰ ਦੀ ਯੋਜਨਾਬੰਦੀ, ਪ੍ਰੰਪਰਾਗਤ ਵਪਾਰ ਅਤੇ ਸ਼ਿਲਪਕਾਰੀ ਨੂੰ ਉਸੇ ਜਗ੍ਹਾ ਅਤੇ ਉਸੇ ਤਰੀਕੇ ਨਾਲ ਅਭਿਆਸ ਕੀਤਾ ਜਾ ਰਿਹਾ ਹੈ ਜਿਵੇਂ ਸਦੀਆਂ ਤੋਂ ਕੀਤਾ ਜਾਂਦਾ ਹੈ।ਇਸ ਯਾਤਰਾ ਦੌਰਾਨ ਸ਼੍ਰੀਮਤੀ ਗੁਰਵਿੰਦਰ ਕੌਰ, ਗਾਈਡ (ਪੰਜਾਬ ਟੂਰਿਜ਼ਮ, ਅੰਮ੍ਰਿਤਸਰ) ਨੇ ਵਿਦਿਆਰਥੀਆਂ ਨੂੰ ਮਹੱਤਵਪੂਰਨ ਵਿਰਾਸਤੀ ਸਥਾਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਸੈਰ ਵਿੱਚ 3 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਸ਼ਹਿਰ ਦੇ 14 ਖਾਸ ਆਕਰਸ਼ਣਾਂ ਦਾ ਦੌਰਾ ਵੀ ਇਸ ਵਿਚ ਸ਼ਾਮਲ ਸੀ।
ਮਸ਼ਹੂਰ ਗੁੰਝਲਦਾਰ ਢੰਗ ਨਾਲ ਉਕਰੀ ਹੋਈ ਲੱਕੜਕਾਰੀਗਰੀ ਨੇ ਸਾਰੇ ਵਿਦਿਆਰਥੀਆਂ ਨੂੰ ਮੋਹ ਲਿਆ ਅਤੇ ਇਸ ਸੈਰ ਰਾਹੀਂ ਵਿਦਿਆਰਥੀਆਂ ਨੇ ਗਤੀਮਾਨ ਅਤੇ ਲਗਾਤਾਰ ਥੜਕਦੇ ਸ਼ਹਿਰ ਅੰਮ੍ਰਿਤਸਰ ਨੂੰ ਆਪਣੇ ਅੰਦਰਲੇ ਅਹਿਸਾਸ ਤੋਂ ਤੱਕਿਆ।ਸ਼ਹਿਰ ਦੀ ਵਿਰਾਸਤ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਨ ਤੋਂ ਇਲਾਵਾ ਇਸ ਦਾ ਮੰਤਵ ਵਿਰਾਸਤੀ ਖਜ਼ਾਨੇ ਦੀ ਰੱਖਿਆ ਅਤੇ ਯੋਗ ਸਾਂਭ ਸੰਭਾਲ ਕਰਨ ਲਈ ਜਾਗਰੂਕਤਾ ਫੈਲਾਉਣਾ ਵੀ ਸੀ। ਵਿਦਿਆਰਥੀਆਂ ਨੇ ਫੈਕਲਟੀ ਮੈਂਬਰਾਂ ਨਾਲ ਟਾਊਨ ਹਾਲ, ਗੁਰਦੁਆਰਾ ਸਾਰਾਗੜ੍ਹੀ, ਕਿਲਾ ਆਹਲੂਵਾਲੀਆ, ਬਾਬਾ ਬੋਹੜ ਅਤੇ ਹੋਰ ਕਈ ਥਾਵਾਂ ਦਾ ਦੌਰਾ ਕੀਤਾ।ਉਨ੍ਹਾਂ ਜਲੇਬੀਵਾਲਾ ਚੌਂਕ ਵਿਖੇ ਜਲੇਬੀਆਂ ਵੀ ਖਾਧੀਆਂ। ਵਿਦਿਆਰਥੀਆਂ ਨੇ ਵਿਭਾਗ ਦੇ ਮੁਖੀ ਡਾ. ਮਨਦੀਪ ਕੌਰ ਦਾ ਧੰਨਵਾਦ ਕੀਤਾ ਕਿ ਉਹ ਹਮੇਸ਼ਾਂ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਹੋਰ ਗਿਆਨ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …