Monday, September 16, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਜਲੰਧਰ ਜ਼ਿਲੇ ਦੇ ਕਾਲਜਾਂ ਦਾ ਯੁਵਕ ਮੇਲਾ ਸੰਪਨ

ਏ.ਪੀ.ਜੇ ਕਾਲਜ ਫ਼ਾਈਨ ਆਰਟਸ ਨੇ `ਏ` ਅਤੇ ਪੀ.ਸੀ.ਐਮ.ਐਸ.ਡੀ ਕਾਲਜ ਵੁਮੈਨ ਜਲੰਧਰ ਨੇ ਬੀ` ਡਵੀਜ਼ਨ `ਚ ਮਾਰੀ ਬਾਜ਼ੀ

ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ `ਸੀ` ਜ਼ੋਨ ਜ਼ੋਨਲ ਯੁਵਕ ਮੇਲਾ ਅੱਜ ਨਵੀਆਂ ਯਾਦਾ ਬਣਾਉਂਦਾ ਹੋਇਆ ਸੰਪਨ ਹੋ ਗਿਆ।`ਸੀ` ਜ਼ੋਨ ਦੇ `ਏ` ਡਿਵੀਜ਼ਨ ਦੀ ਚੈਂਪੀਅਨਸ਼ਿਪ ਵੱਖ ਵੱਖ ਆਈਟਮਾਂ ਵਿੱਚ ਜਿੱਤਾਂ ਪ੍ਰਾਪਤ ਕਰਦਿਆਂ ਏ.ਪੀ.ਜੇ ਕਾਲਜ ਆਫ ਫ਼ਾਈਨ ਆਰਟਸ ਜਲ਼ੰਧਰ ਅਤੇ `ਬੀ` ਡਿਵੀਜ਼ਨ ਵਿਚ ਓਵਰਆਲ ਚੈਂਪੀਅਨਸ਼ਿਪ ਨੇ ਪੀ.ਸੀ.ਐਮ.ਐਸ.ਡੀ ਕਾਲਜ ਵਮਨ ਜਲੰਧਰ ਜਿੱਤੀ।
ਇਨਾਮ ਵੰਡ ਸਮਾਰੋਹ ਮੌਕੇ ਪ੍ਰਸਿੱਧ ਡਾਕਟਰ ਡਾ. ਗੁਰਬਿਲਾਸ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਗੁਰਬਿਲਾਸ ਸਿੰਘ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਪ੍ਰਦਾਨ ਕਰਕੇ ਸਨਮਾਨਿਤ ਕੀਤਾ।
`ਏ` ਡਵੀਜ਼ਨ ਵਿਚ ਦੂਜਾ ਅਤੇ ਤੀਜਾ ਸਥਾਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਡੀ.ਏ.ਵੀ ਕਾਲਜ ਜਲੰਧਰ ਨੇ ਕ੍ਰਮਵਾਰ ਪ੍ਰਾਪਤ ਕੀਤਾ ਜਦੋਂਕਿ `ਬੀ` ਡਿਵੀਜ਼ਨ ਵਿਚ ਸੇਂਟ ਸੋਲਜਰ ਲਾਅ ਕਾਲਜ ਜਲੰਧਰ ਅਤੇ ਟ੍ਰਿਨਿਟੀ ਕਾਲਜ ਜਲੰਧਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣਾ ਨਾਮ ਜੇਤੂਆਂ ਵਿਚ ਦਰਜ਼ ਕਰਵਾਇਆ।
ਡਾ. ਗੁਰਬਿਲਾਸ ਸਿੰਘ ਨੇ ਜੇਤੂ ਟੀਮਾਂ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਦਸਮੇਸ਼ ਆਡੀਟੋਰੀਅਮ `ਚ ਸੰਪਨ ਹੋਏ ਇਸ ਜ਼ੋਨਲ ਯੁਵਕ ਮੇਲੇ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਪ੍ਰੋ. ਅਨੀਸ਼ ਦੂਆ ਨੇ ਕਿਹਾ ਕਿ ਇਸ ਜ਼ੋਨਲ ਯੁਵਕ ਮੇਲੇ ਦੀ ਸਮਾਪਤੀ ਨਾਲ ਹੋਣ ਵਾਲੇ 20 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਅੰਤਰ-ਜ਼ੋਨਲ ਯੁਵਕ ਮੇਲੇ ਵਿੱਚ ਵੱਖ ਵੱਖ ਜ਼ੋਨਾਂ ਦੀਆਂ ਜੇਤੂ ਟੀਮਾਂ ਇਕ ਦੂਜੇ ਦੇ ਸਾਹਮਣੇ ਹੋਣਗੀਆਂ।
ਚੈਂਪੀਅਨਸ਼ਿਪ ਟਰਾਫੀਆਂ ਪ੍ਰਦਾਨ ਕਰਨ ਸਮੇਂ ਜੇਤੂ ਟੀਮਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ ਵੀ ਵੱਡੀ ਗਿਣਤੀ ‘ਚ ਹਾਜ਼ਰ ਸਨ।ਜਿਨ੍ਹਾਂ ਨੂੰ ਅੱਜ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਡਾ. ਅਨੀਸ਼ ਦੂਆ, ਡੀਨ ਵਿਦਿਆਰਥੀ ਭਲਾਈ ਨੇ ਟਰਾਫੀਆਂ ਪ੍ਰਦਾਨ ਕੀਤੀਆਂ।ਉਨ੍ਹਾਂ ਦੇ ਨਾਲ ਪ੍ਰੋ. ਸ਼ਾਲਿਨੀ ਬਹਿਲ, ਡਾ. ਅਮਨਦੀਪ ਸਿੰਘ, ਡਾ. ਤੇਜਵੰਤ ਸਿੰਘ ਕੰਗ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਬੀਰ ਸਿੰਘ ਮੱਲ੍ਹੀ, ਡਾ. ਮੁਨੀਸ਼ ਸੈਣੀ ਤੋਂ ਇਲਾਵਾ ਹੋਰ ਵੀ ਸਟਾਫ ਦੇ ਮੈਂਬਰ ਹਾਜ਼ਰ ਸਨ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …