Saturday, July 27, 2024

ਸ੍ਰੀ ਦਰਬਾਰ ਸਾਹਿਬ ਦੇ ਰਸਤਿਆਂ ਤੋਂ ਕਬਜ਼ੇ ਹਟਾਉਣ ਵੱਲ ਧਿਆਨ ਦੇਵੇ ਸਰਕਾਰ- ਭਾਈ ਗਰੇਵਾਲ

ਕਿਹਾ, ਸ਼ਰਧਾਲੂਆਂ ’ਤੇ ਬੁਰਾ ਪ੍ਰਭਾਵ ਪਾ ਰਹੇ ਹਨ ਸ਼ਹਿਰ ਦੇ ਹਾਲਾਤ

ਅੰਮ੍ਰਿਤਸਰ, 23 ਨਵੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੀ ਬੇਤਰਤੀਬੀ ਟੈ੍ਰਫਿਕ ਵਿਵਸਥਾ,

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ਿਆਂ ਅਤੇ ਆਟੋ-ਸਾਈਕਲ ਰਿਕਸ਼ਿਆਂ ਦੀ ਲੋੜ ਤੋਂ ਵੱਧ ਭਰਮਾਰ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਸਬੰਧੀ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਪ੍ਰਸਾਸ਼ਨ ਨੂੰ ਲੋੜੀਂਦੇ ਕਦਮ ਉਠਾਉਣ ਲਈ ਕਿਹਾ ਹੈ।
ਭਾਈ ਗਰੇਵਾਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਰਕੇ ਅੰਮ੍ਰਿਤਸਰ ਪੂਰੇ ਵਿਸ਼ਵ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਹੈ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਇਥੇ ਸ਼ਰਧਾ ਸਹਿਤ ਨਤਮਸਤਕ ਹੋਣ ਦੇ ਨਾਲ-ਨਾਲ ਇਥੇ ਸਥਿਤ ਇਤਿਹਾਸਕ ਅਸਥਾਨਾਂ ਦੀ ਯਾਤਰਾ ਕਰਦੀਆਂ ਹਨ। ਪਰੰਤੂ ਸ਼ਹਿਰ ਦੀ ਲੜਖੜਕਾਉਂਦੀ ਟੈ੍ਰਫਿਕ ਅਤੇ ਸੜਕਾਂ ’ਤੇ ਕਬਜ਼ਿਆਂ ਦੀ ਭਰਮਾਰ ਕਾਰਨ ਉਨ੍ਹਾਂ ਦੇ ਮਨਾਂ ’ਤੇ ਬੁਰਾ ਪ੍ਰਭਾਵ ਪੈਂਦਾ ਹੈ।ਇਥੋਂ ਤੱਕ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪੁੱਜਦੇ ਵਿਰਾਸਤੀ ਮਾਰਗ ’ਤੇ ਵੀ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ।ਇਸ ਦੇ ਨਾਲ ਹੀ ਪਾਵਨ ਅਸਥਾਨ ਨੂੰ ਆਉਂਦੇ ਇਕੋ-ਇਕ ਮਾਰਗ ਜਿਸ ’ਤੇ ਗੱਡੀਆਂ ਰਾਹੀਂ ਪਹੁੰਚਿਆਂ ਜਾਂਦਾ ਹੈ, ਦੀ ਵੀ ਹਾਲਤ ਚੰਗੀ ਨਹੀਂ ਹੈ।ਇਸ ਦੇ ਦੋਨੇਂ ਪਾਸੇ ਬਣੀਆਂ ਨਾਲੀਆਂ ਅਤੇ ਲੱਗੇ ਬਿਜਲੀ ਖੰਭਿਆਂ ਕਾਰਨ ਅਕਸਰ ਟ੍ਰੈਫਿਕ ਜਾਮ ਲੱਗਦੇ ਹਨ।ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਤੱਕ ਆਉਂਦੇ ਰਸਤੇ ’ਤੇ ਦੁਕਾਨਦਾਰਾਂ ਨੇ ਆਰਜ਼ੀ ਤੌਰ ’ਤੇ ਦੁਕਾਨਾਂ ਵਧਾਈਆਂ ਹੋਈਆਂ ਹਨ, ਜੋ ਸੰਗਤ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਹਾਲਾਤ ਇਹ ਬਣੇ ਹੋਏ ਹਨ, ਕਿ ਇਥੋਂ ਪੈਦਲ ਲੰਘਣਾ ਵੀ ਮੁਸ਼ਕਲ ਹੈ।ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਸਰਕਾਰ ਅਤੇ ਸ਼ਹਿਰ ਦਾ ਪ੍ਰਸ਼ਾਸਨ ਇਸ ਅਹਿਮ ਮਾਮਲੇ ਵੱਲ ਤਵੱਜੋਂ ਨਹੀਂ ਦੇ ਰਿਹਾ।ਉਨ੍ਹਾਂ ਕਿਹਾ ਕਿ ਲੰਘੀ 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਇਸ ਸਬੰਧ ਵਿਚ ਇਕ ਅਹਿਮ ਮਤਾ ਵੀ ਪਾਸ ਕੀਤਾ ਗਿਆ ਸੀ, ਜੋ ਸਬੰਧਤਾਂ ਤੱਕ ਭੇਜਿਆ ਜਾ ਚੁੱਕਾ ਹੈ।ਭਾਈ ਗਰੇਵਾਲ ਨੇ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਦੇ ਸਮੁੱਚੇ ਪ੍ਰਸ਼ਾਸਨ ਦੇ ਜ਼ਿੰਮੇੇਵਾਰ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਦੀਆਂ ਇਨ੍ਹਾਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਖ਼ਾਸ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪੁੱਜਦੇ ਰਸਤਿਆਂ ’ਤੇ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਾਲ-ਨਾਲ ਟ੍ਰੈਫਿਕ ਨੂੰ ਨਿਯਮਤ ਕੀਤਾ ਜਾਵੇ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਮਾਮਲੇ ’ਤੇ ਸਰਕਾਰ ਅਤੇ ਪ੍ਰਸ਼ਾਸਨ ਪਾਸ ਅਵਾਜ਼ ਪਹੁੰਚਾਉਣ, ਤਾਂ ਜੋ ਇਥੇ ਪੁੱਜਣ ਵਾਲੇ ਸ਼ਰਧਾਲੂ ਚੰਗਾ ਸੁਨੇਹਾ ਲੈ ਕੇ ਜਾਣ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …