Friday, March 1, 2024

ਧਰਮ ਪ੍ਰਚਾਰ ਲਈ ਨਿਯੁੱਕਤ ਮੈਂਬਰ ਇੰਚਾਰਜ਼ਾਂ ਤੇ ਪ੍ਰਚਾਰਕਾਂ ਨੇ ਕੀਤੀ ਇਕੱਤਰਤਾ

ਸਿੱਖੀ ਪ੍ਰਚਾਰ ਦੀਆਂ ਗਤੀਵਿਧੀਆਂ ਅੱਗੇ ਵਧਾਉਣ ਲਈ ਕੀਤੇ ਜਾਣਗੇ ਕਾਰਜ਼-ਭਾਈ ਮਹਿਤਾ
ਅੰਮ੍ਰਿਤਸਰ, 23 ਨਵੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਧਰਮ ਪ੍ਰਚਾਰ ਦੇ ਮੈਂਬਰ ਇੰਚਾਰਜ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਪੰਜਾਬ ਦੇ ਵੱਖ-ਵੱਖ ਜੋਨਾਂ ਲਈ ਲਗਾਏ ਮੁਖੀ ਮੈਂਬਰਾਂ ਅਤੇ ਮੁੱਖ ਪ੍ਰਚਾਰਕਾਂ ਨਾਲ ਇਕੱਤਰਤਾ ਕਰਕੇ ਧਰਮ ਪ੍ਰਚਾਰ ਲਈ ਭਵਿੱਖ ਦੀ ਯੋਜਨਾ ਤਿਆਰ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ।ਇਸ ਇਕੱਤਰਤਾ ਵਿੱਚ ਮੈਂਬਰ ਇੰਚਾਰਜ਼ ਭਾਈ ਰਾਜਿੰਦਰ ਸਿੰਘ ਮਹਿਤਾ ਨਾਲ ਅੰਮ੍ਰਿਤਸਰ ਜੋਨ ਦੇ ਮੁਖੀ ਮੈਂਬਰ ਭਾਈ ਰਾਮ ਸਿੰਘ, ਸ੍ਰੀ ਅਨੰਦਪੁਰ ਸਾਹਿਬ ਜੋਨ ਦੇ ਮੁਖੀ ਭਾਈ ਗੁਰਬਖ਼ਸ਼ ਸਿੰਘ ਖਾਲਸਾ ਤੇ ਹਰਿਆਣਾ ਜ਼ੋਨ ਦੇ ਮੁੱਖੀ ਹਰਭਜਨ ਸਿੰਘ ਮਸਾਣਾਂ ਸਮੇਤ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਤੇ ਵੱਖ-ਵੱਖ ਜੋਨਾਂ ਦੇ ਮੁੱਖ ਪ੍ਰਚਾਰਕ ਮੌਜ਼ੂਦ ਸਨ।
ਆਲ ਇੰਡੀਆ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਇੰਚਾਰਜ਼ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਪ੍ਰਚਾਰ ਲਈ ਗਤੀਵਿਧੀਆਂ ਵਾਸਤੇ ਧਰਮ ਪ੍ਰਚਾਰ ਕਮੇਟੀ ਨਿਰੰਤਰ ਕਾਰਜਸ਼ੀਲ ਰਹਿੰਦੀ ਹੈ ਅਤੇ ਇਨ੍ਹਾਂ ਸਿੱਖੀ ਪ੍ਰਚਾਰ ਦੇ ਕਾਰਜਾਂ ਨੂੰ ਹੋਰ ਪ੍ਰਚੰਡ ਕਰਨ ਲਈ ਯੋਜਨਾ ਉਲੀਕੀ ਜਾਵੇਗੀ।ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਲਈ ਲਗਾਏ ਗਏ ਮੈਂਬਰ ਇੰਚਾਰਜ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿਚ ਵੀ ਸਿੱਖੀ ਪ੍ਰਚਾਰ ਦੀਆਂ ਗਤੀਵਿਧੀਆਂ ਸਰਗਰਮੀ ਨਾਲ ਅੱਗੇ ਵਧਾਉਣ ਲਈ ਕਾਰਜ ਕਰਨਗੇ।ਇਸ ਸਬੰਧ ਵਿਚ ਅੱਜ ਪਲੇਠੀ ਮੀਟਿੰਗ ਤਹਿਤ ਵੱਖ-ਵੱਖ ਜੋਨਾਂ ਦੇ ਮੁੱਖ ਪ੍ਰਚਾਰਕਾਂ ਪਾਸੋਂ ਮੌਜੂਦਾ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਗਈ ਹੈ।ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਲਹਿਰ ਤਹਿਤ ਨੌਜੁਆਨੀ ਅੰਦਰ ਸਿੱਖ ਇਤਿਹਾਸ ਅਤੇ ਵਿਰਸੇ ਦੀ ਜਾਗਰੂਕਤਾ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਚੇਤੰਨਤਾ ਅਤੇ ਧਰਮ ਪਰਵਰਤਨ ਵਰਗੀਆਂ ਚਾਲਾਂ ਬਾਰੇ ਸੰਗਤ ਨੂੰ ਜਾਣੂ ਕਰਵਾਉਣਾ ਵੀ ਪ੍ਰਮੁੱਖ ਹੋਵੇਗਾ।ਉਨ੍ਹਾਂ ਕਿਹਾ ਕਿ ਭਾਵੇਂ ਪਹਿਲਾਂ ਹੀ ਪ੍ਰਚਾਰਕਾਂ ਦੇ ਨਾਲ-ਨਾਲ 100 ਦੇ ਕਰੀਬ ਵਲੰਟੀਅਰ ਘਰ-ਘਰ ਜਾ ਕੇ ਸਿੱਖੀ ਪ੍ਰਚਾਰ ਕਰ ਰਹੇ ਹਨ ਅਤੇ ਗੁੰਮਰਾਹ ਹੋਏ ਪਰਿਵਾਰਾਂ ਨੂੰ ਘਰ ਵਾਪਸੀ ਦਾ ਵੀ ਵਿਸ਼ੇਸ਼ ਉਦਮ ਕਾਰਗਰ ਸਾਬਤ ਹੋ ਰਿਹਾ ਹੈ, ਪਰ ਇਸ ਨੂੰ ਸਰਹੱਦੀ ਇਲਾਕਿਆਂ ਤੋਂ ਅੱਗੇ ਵਧਾ ਕੇ ਪੂਰੇ ਪੰਜਾਬ ਅਤੇ ਫਿਰ ਹੋਰਨਾਂ ਸੂਬਿਆਂ ਤੱਕ ਲਿਜਾਣਾ ਅਤਿ ਅਹਿਮ ਜ਼ਿੰਮੇਵਾਰੀ ਹੋਵੇਗੀ।
ਇਸ ਮੌਕੇ ਹੈਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਭਾਈ ਜਸਵਿੰਦਰ ਸਿੰਘ ਸ਼ਹੂਰ, ਭਾਈ ਜਗਦੇਵ ਸਿੰਘ, ਭਾਈ ਭੋਲਾ ਸਿੰਘ, ਭਾਈ ਹਰਜੀਤ ਸਿੰਘ, ਕਰਤਾਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸੁਪਰਡੈਂਟ ਪਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

Check Also

ਅਕਾਲ ਅਕੈਡਮੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਸੰਗਰੂਰ, 1ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਜਿਸ …