Tuesday, April 30, 2024

ਯੂਥ ਕਲੱਬਾਂ ਨੂੰ ਇਨਾਮ ਲਈ ਅਰਜ਼ੀਆਂ ਦੀ ਮੰਗ

ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਹਿਰੂ ਯੁਵਾ ਕੇਂਦਰ ਵਲੋਂ ਸਾਲ 2022-23 ਲਈ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਿਚ ਵਧੀਆ ਕੰਮ ਕਰਨ ਵਾਲੇ ਯੂਥ ਕਲੱਬਾਂ ਤੋਂ ਆਉਟਸਟੈਂਡਿੰਗ ਯੂਥ ਕਲੱਬ ਐਵਾਰਡ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਜਿਲਾ ਯੂਥ ਅਫਸਰ ਅਕਾਂਕਸ਼ਾ ਮਹਾਵਰੀਆ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵਲੋਂ ਹਰ ਸਾਲ ਸਮਾਜ ਸੇਵਾ ਵਿਚ ਵੱਧ ਚੜ ਕੇ ਹਿੱਸਾ ਪਾਉਣ ਵਾਲੇ ਯੂਥ ਕਲੱਬ ਨੂੰ ਇਨਾਮ ਦਿੱਤਾ ਜਾਂਦਾ ਹੈ।ਯੂਥ ਕਲੱਬ ਰਾਸ਼ਟਰ ਨਿਰਮਾਣ ਅਤੇ ਹੋਰ ਸਮਾਜਿਕ ਭਲਾਈ ਅਤੇ ਵਿਕਾਸ ਗਤੀਵਿਧੀਆਂ ਜਿਵੇਂ ਕਿ ਡਿਜ਼ੀਟਲ/ਵਿੱਤੀ ਸਾਖਰਤਾ, ਹੁਨਰ ਵਿਕਾਸ ਸਿਖਲਾਈ, ਸਿਹਤ ਜਾਗਰੂਕਤਾ, ਵਾਤਾਵਰਣ ਦੀ ਸੰਭਾਲ, ਰਾਸ਼ਟਰੀ ਏਕਤਾ, ਸਮਾਜਿਕ ਸਦਭਾਵਨਾ, ਖੇਡਾਂ ਆਦਿ ਦੀ ਸਿਰਜਣਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਇਸ ਸਕੀਮ ਤਹਿਤ ਵੱਧ ਤੋਂ ਵੱਧ ਯੂਥ ਕਲੱਬਾਂ ਨੂੰ ਸਮਾਜ ਭਲਾਈ ਅਤੇ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਲਈ ਅੱਗੇ ਆਉਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।ਇਨਾਮ ਲਈ ਕਲੱਬ ਵਲੋਂ 1 ਅਪ੍ਰੈਲ 2021 ਤੋਂ 31 ਮਾਰਚ 2022 ਤੱਕ ਕੀਤੀਆਂ ਸਾਰੀਆਂ ਗਤੀਵਿਧੀਆਂ ਦਾ ਵੇਰਵਾ ਫੋਟੋਆਂ ਸਮੇਤ 10 ਦਸੰਬਰ 2022 ਤੱਕ ਜਮਾਂ ਕਰਵਾਉਣਾ ਪਵੇਗਾ।ਅਪਲਾਈ ਕਰਨ ਲਈ ਯੂਥ ਕਲੱਬ ਨਹਿਰੂ ਯੁਵਾ ਕੇਂਦਰ ਅੰੰਮ੍ਰਿਤਸਰ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ ਅਤੇ ਸੋਸਾਇਟੀ ਰੇਜਿਸਟ੍ਰੇਸ਼ਨ ਐਕਟ 1860 ਨਾਲ ਰਜਿਸਰਡ ਹੋਣਾ ਜ਼ਰੂਰੀ ਹੈ।ਕਲੱਬ ਦੀ ਆਡਿਟ ਰਿਪੋਰਟ ਲਾਜ਼ਮੀ ਹੈ।ਪਿਛਲੇ 2 ਸਾਲ ਦੌਰਾਨ ਇਨਾਮ ਜਿੱਤਣ ਵਾਲੇ ਕਲੱਬ ਇਸ ਵਿਚ ਭਾਗ ਨਹੀਂ ਲੈ ਸਕਦੇ। ਇਸ ਸਕੀਮ ਤਹਿਤ ਜਿਲ੍ਹਾ ਪੱਧਰ ‘ਤੇ ਪਹਿਲਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਨੂੰ 25000/- ਰੁਪਏ ਨਕਦ ਇਨਾਮ ਦਿੱਤਾ ਜਾਂਦਾ ਹੈ।ਜਿਲ੍ਹਾ ਪੱਧਰ ‘ਤੇ ਪਹਿਲਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਦੀ ਫਾਈਲ ਰਾਜ ਪੱਧਰ ਲਈ ਭੇਜੀ ਜਾਵੇਗੀ, ਜਿਥੇ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਨੂੰ ਕ੍ਰਮਵਾਰ 75000, 50000, 25000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।ਰਾਜ ਪੱਧਰ ‘ਤੇ ਪਹਿਲਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਦੀ ਫਾਈਲ ਰਾਸ਼ਟਰੀ ਪੱਧਰ ਲਈ ਭੇਜੀ ਜਾਵੇਗੀ ਅਤੇ ਰਾਸ਼ਟਰੀ ਪੱਧਰ ‘ਤੇ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਨੂੰ ਕ੍ਰਮਵਾਰ 300000, 100000, 50000 ਰੁਪਏ ਦਾ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ। ਵਧੇਰੇ ਵੇਰਵਿਆਂ ਲਈ ਦਫ਼ਤਰੀ ਸਮੇਂ ਦੌਰਾਨ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦਫ਼ਤਰ, ਪੁਰਾਣੀ ਕਰਮ ਸਿੰਘ ਵਾਰਡ ਨੇੜੇ ਸਿਵਲ ਲਾਈਨ ਪੁਲਿਸ ਸਟੇਸ਼ਨ ਅੰਮ੍ਰਿਤਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …