Monday, December 23, 2024

ਇਨਕਮ ਟੈਕਸ ਵਿਭਾਗ ਨੇ ਅੰਮ੍ਰਿਤਸਰ ਵਿੱਚ ਵਿੱਢੀ ਸਵੱਛਤਾ ਮੁਹਿੰਮ

ਇਨਕਮ ਟੈਕਸ ਦੀ ਚੀਫ਼ ਕਮਿਸ਼ਨਰ ਜਹਾਂਜ਼ੇਬ ਅਖ਼ਤਰ ਨੇ ਕੀਤੀ ਪਹਿਲ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) – ਸਵੱਛਤਾ ਅਭਿਆਨ ਦੇ ਤਹਿਤ ਅਤੇ ਅੰਮ੍ਰਿਤਸਰ ਨੂੰ ਦੇਸ਼ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਬਣਾਉਣ ਦੇ ਟੀਚੇ ਨਾਲ ਇਨਕਮ ਟੈਕਸ ਵਿਭਾਗ ਅੰਮ੍ਰਿਤਸਰ ਵਲੋਂ ਵੇਸਟ ਸੈਗਰੀਗੇਸ਼ਨ ਅਤੇ ਮੈਨੇਜਮੈਂਟ ਬਾਰੇ ਜਾਗਰੂਕਤਾ ਪ੍ਰੋਗਰਾਮਾਂ ਦੀ ਲੜੀ ਦਾ ਆਯੋਜਨ ਕੀਤਾ ਜਾ ਰਿਹਾ ਹੈ।ਪਹਿਲੇ ਕਦਮ ਵਜੋਂ ਮਾਲ ਰੋਡ ਵਿਖੇ ਆਏਕਰ ਭਵਨ, ਸੀ.ਆਰ ਬਿਲਡਿੰਗ, ਮਕਬੂਲ ਰੋਡ ਅਤੇ ਸੀ.ਆਰ ਕਲੋਨੀ ਨੂੰ ਜ਼ੀਰੋ ਵੇਸਟ ਕੈਂਪਸ ਬਣਾਉਣ ਦੀ ਯੋਜਨਾ ਹੈ।
ਇਸ ਲੜੀ ਵਿੱਚ ਪਹਿਲਾ ਪ੍ਰੋਗਰਾਮ ਸੋਮਵਾਰ ਨੂੰ ਪੰਜਾਬ ਨਾਟਸ਼ਾਲਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਅੰਮ੍ਰਿਤਸਰ ਦੇ ਵੱਖ ਵੱਖ ਸਕੂਲਾਂ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਵੇਸਟ ਸੈਗਰੀਗੇਸ਼ਨ ਦੀ ਥੀਮ `ਤੇ ਗਿੱਧਾ- ਭੰਗੜਾ ਪੇਸ਼ ਕੀਤਾ।
“ਸ਼ਪਥ” ਦਾ ਥੀਮ ਵਿਦਿਆਰਥੀਆਂ ਨੂੰ ਇਹ ਸਮਝਾਉਣ ਦੇ ਉਦੇਸ਼ ਨਾਲ ਚੁਣਿਆ ਗਿਆ ਹੈ ਕਿ ਨਾਗਰਿਕਾਂ ਨੂੰ ਉਨ੍ਹਾਂ ਵਲੋਂ ਪੈਦਾ ਹੋਣ ਵਾਲੀ ਹਰ ਚੀਜ਼ ਦੀ ਜਿੰਮੇਵਾਰੀ ਲੈਣ ਦੀ ਲੋੜ ਹੈ, ਤਾਂ ਜੋ ਨਗਰ ਨਿਗਮ ਨੂੰ ਭਗਤਾਂਵਾਲਾ ਵਰਗੇ ਲੈਂਡਫਿਲਜ਼ ਦੇ ਜ਼ਹਿਰੀਲੇ ਖ਼ਤਰੇ ਨਾਲ ਨਜਿੱਠਣਾ ਨਾ ਪਵੇ।
ਇਸ ਸਮੇਂ ਆਯੋਜਿਤ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਨੇ ਸਮੁੱਚੀ ਕਾਰਗੁਜ਼ਾਰੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ ਨੇ ਸਰਵੋਤਮ ਬੋਲੀਆਂ ਦਾ ਐਵਾਰਡ ਜਿੱਤਿਆ।
ਪ੍ਰੋਗਰਾਮ ਵਿੱਚ ਮੌਜ਼ੂਦ ਪਤਵੰਤਿਆਂ ਦੇ ਨਾਲ ਸਾਰੇ ਵਿਦਿਆਰਥੀਆਂ ਨੇ “ਨਹੀਂ ਕਰਾਂਗੇ ਭਗਤਾਂਵਾਲਾ ਡੰਪ ਕਾ ਵਿਸਥਾਰ” ਦੀ ਸਹੁੰ ਚੁੱਕੀ।ਇਸ ਤੋਂ ਇਲਾਵਾ ਮੁਕਾਬਲੇ ਦੀ ਜੇਤੂ ਟੀਮਾਂ 14 ਦਸੰਬਰ, 2022 ਨੂੰ ਸੀ.ਆਰ ਕਲੋਨੀ ਤੇ ਲਾਰੈਂਸ ਰੋਡ ਅੰਮ੍ਰਿਤਸਰ ਵਿਖੇ ਲਗਾਏ ਜਾਣ ਵਾਲੇ ਜਾਗਰੂਕਤਾ ਕੈਂਪ ਵਿੱਚ ਹਿੱਸਾ ਲੈਣਗੀਆਂ।
ਇਸ ਮੌਕੇ ਜਹਾਂਜ਼ੇਬ ਅਖਤਰ ਚੀਫ਼ ਕਮਿਸ਼ਨਰ ਆਫ਼ ਇਨਕਮ ਟੈਕਸ ਅੰਮ੍ਰਿਤਸਰ, ਐਲ.ਕੇ ਅਗਰਵਾਲ, ਪ੍ਰਮੁੱਖ ਆਮਦਨ ਕਰ ਕਮਿਸ਼ਨਰ, ਰਾਹੁਲ ਧਵਨ, ਕਮਿਸ਼ਨਰ ਇਨਕਮ ਟੈਕਸ, ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਡਾ: ਬਰਾੜ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ।

 

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …