ਨਵੇਂ ਸਾਲ ਦਿਆ ਸੂਰਜਾ ਵੇ,
ਵੰਡੀਂ ਘਰ-ਘਰ ਲੋਅ।
ਛੱਡ ਨਫ਼ਰਤਾਂ ਨੂੰ ਸਾਰੇ,
ਰੱਖਣ ਸਭ ਨਾਲ ਮੋਹ।
ਬੀਤੇ ਦੀਆਂ ਯਾਦਾਂ ਅਸੀਂ,
ਮਨਾਂ ‘ਚ ਵਸਾ ਲਈਆਂ।
ਤੈਨੂੰ ਨਵੇਂ ਨੂੰ ਸਲਾਮ ਸਾਡਾ,
ਅੱਖਾਂ ਤੇਰੇ ਨਾ ਮਿਲਾ ਲਈਆਂ।
ਸੁੱਖ-ਸਾਂਦ ਰੱਖੀਂ ਵਿਹੜੇ,
ਬੂਹੇ ਤੇਲ ਖੁਸ਼ੀਆਂ ਦਾ ਚੋਅ, ਨਵੇਂ ਸਾਲ ਦਿਆ ਸੂਰਜਾ।
ਸਾਡੇ ਖੇਤਾਂ ਦੀ ਹਰਿਆਲੀ,
ਸਦਾ ਰੱਖੀਂ ਮਹਿਕਦੀ।
ਮਿਹਨਤ ਕਿਸਾਨ ਦੀ ਨਾ,
ਰਹੇ ਸਹਿਕਦੀ।
ਪੁੱਤਾਂ ਵਾਂਗੂੰ ਪਾਲੀ ਫਸਲ,
ਸਦਾ ਵੰਡੇ ਖੁਸ਼ਬੋ, ਨਵੇਂ ਸਾਲ ਦਿਆ ਸੂਰਜਾ।
ਨਸ਼ਿਆਂ ਦੇ ਕੋਹੜ ਤੋਂ,
ਸਾਨੂੰ ਰੱਖੀਂ ਦੂਰ ਵੇ।
ਗੱਭਰੂ ਨਾ ਦੇਸ਼ ਦਾ ਕੋਈ,
ਹੋਵੇ ਵਿਚ ਚੂਰ ਵੇ।
ਖੁਸ਼ੀਆਂ ਤੇ ਖੇੜੇ ਵੰਡੀਂ,
ਹਰ ਘਰ ‘ਚ ਖਲੋਅ, ਨਵੇਂ ਸਾਲ ਦਿਆ ਸੂਰਜਾ।
‘ਮਰਕਸ ਪਾਲ’ ਆਖੇ,
‘ਕੱਲੇ-‘ਕੱਲੇ ਜੀਅ ਨੂੰ।
ਕੁੱਖ ‘ਚ ਨਾ ਮਾਰੇ ਕੋਈ,
ਨੰਨੀ ਜਿਹੀ ਧੀ ਨੂੰ।
ਰੌਸ਼ਨੀ ਹੀ ਵੰਡੀਂ ਤੂੰ,
ਦੇਵੀਂ ਕਾਲਖਾਂ ਨੂੰ ਧੋ,
ਵੰਡੀਂ ਘਰ-ਘਰ ਲੋਅ, ਨਵੇਂ ਸਾਲ ਦਿਆ ਸੂਰਜਾ।3112202206
ਮਰਕਸ ਪਾਲ ਗੁਮਟਾਲਾ
ਖਾਲਸਾ ਕਾਲਜ ਸੀਨੀ. ਸੈਕੰ. ਸਕੂਲ
ਅੰਮ੍ਰਿਤਸਰ। ਮੋ- 9872070182