Saturday, April 26, 2025

ਪੰਜਾਬ ਵਿਧਾਨ ਸਭਾ ਦੀ ਅਨੁਸੂਚਿਤ ਜਾਤੀਆਂ ਭਲਾਈ ਕਮੇਟੀ ਵਲੋਂ ਕੰਮਾਂ ਦੀ ਪੜਚੋਲ

ਲੋੜਵੰਦਾਂ ਨੂੰ ਸਮੇਂ ਸਿਰ ਦਿੱਤੇ ਜਾਣ ਸਕੀਮਾਂ ਦੇ ਲਾਭ – ਬਿਲਾਸਪੁਰ

ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੀ ਅਨੁਸੂਚਿਤ ਜਾਤੀਆਂ ਭਲਾਈ ਕਮੇਟੀ ਨੇ ਅੰਮ੍ਰਿਤਸਰ ਜਿਲ੍ਹੇ ਵਿੱਚ ਕੀਤੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਲੋੜਵੰਦ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਸਮੇਂ ਸਿਰ ਦੇਣਾ ਯਕੀਨੀ ਬਣਾਇਆ ਜਾਵੇ।ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਸਾਡੀ ਕਮੇਟੀ ਵਲੋਂ ਹਰੇਕ ਜਿਲ੍ਹੇ ਵਿੱਚ ਜਾ ਕੇ ਸਰਕਾਰੀ ਸਕੀਮਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅੱਜ ਅੰਮ੍ਰਿਤਸਰ ਤੋਂ ਪਹਿਲੀ ਮੀਟਿੰਗ ਕਰਕੇ ਇਸ ਕੰਮ ਦੀ ਸ਼ੁਰੂਆਤ ਕਰ ਰਹੇ ਹਾਂ। ਉਨਾਂ ਦੱਸਿਆ ਕਿ ਵਿਧਾਨ ਸਭਾ ਸ਼ੈਸ਼ਨ ਵਿੱਚ ਜੋ ਕੰਮ ਬਕਾਇਆ ਰਹਿ ਜਾਂਦੇ ਹਨ, ਉਹ ਵਿਧਾਨ ਸਭਾ ਵਲੋਂ ਬਣਾਈਆਂ ਵੱਖ-ਵੱਖ ਕਮੇਟੀਆਂ ਨੂੰ ਸੌਂਪੇ ਜਾਂਦੇ ਹਨ।ਸਾਨੂੰ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੀ ਭਲਾਈ ਦਾ ਕੰਮ ਦਿੱਤਾ ਗਿਆ ਹੈ, ਜਿਸ ਨੂੰ ਅਸੀਂ ਬੜੀ ਸ਼ਿੱਦਤ ਨਾਲ ਹਰੇਕ ਜਿਲ੍ਹੇ ਵਿੱਚ ਜਾ ਕੇ ਕਰਨ ਦੀ ਯੋਜਨਾ ਉਲੀਕੀ ਹੈ।ਉਨਾਂ ਦੱਸਿਆ ਕਿ ਉਕਤ ਕਮੇਟੀਆਂ ਵਿੱਚ ਸਾਰੀਆਂ ਰਾਜਸੀ ਪਾਰਟੀਆਂ ਦੇ ਵਿਧਾਇਕ ਸਾਹਿਬਾਨ ਸ਼ਾਮਲ ਹੁੰਦੇ ਹਨ ਅਤੇ ਕਮੇਟੀ ਵਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਸਰਕਾਰ ਤਰਜ਼ੀਹੀ ਆਧਾਰ ’ਤੇ ਸਵੀਕਾਰ ਕਰਦੀ ਹੈ।ਚੇਅਰਮੈਨ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਵਰਗ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਸਾਨੂੰ ਜੋ ਜਿੰਮੇਵਾਰੀ ਵਿਧਾਨ ਸਭਾ ਨੇ ਸੌਂਪੀ ਹੈ ਅਸੀਂ ਉਸ ਨੂੰ ਬਿਹਤਰ ਢੰਗ ਨਾਲ ਨਿਭਾਵਾਂਗੇ। ਉਨਾਂ ਇਸ ਲਈ ਜਿਲ੍ਹਾ ਪ੍ਰਸਾਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ।
ਅੱਜ ਵਿਧਾਨ ਸਭਾ ਕਮੇਟੀ ਨੇ ਅੰਮਿ੍ਰਤਸਰ ਜਿਲ੍ਹੇ ਵਿੱਚ ਚੱਲ ਰਹੀਆਂ ਆਸ਼ੀਰਵਾਦ ਸਕੀਮ, ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ, ਪੋਸਟ ਮੈਟ੍ਰਿਕ ਸਕਾਲਰਸ਼ਿਪ, ਐਸ.ਸੀ./ਐਸ.ਟੀ. ਐਕਟ, ਬੁੱਢਾਪਾ ਪੈਨਸ਼ਨ, ਵਿਧਵਾ ਤੇ ਆਸ਼ਰਿਤ ਬੱਚੇ ਤੇ ਅੰਗਹੀਣਾਂ ਦੀ ਪੈਨਸ਼ਨ ਸਕੀਮਾਂ ਦੇ ਵੇਰਵੇ ਲਏ। ਇਸ ਤੋਂ ਇਲਾਵਾ ਕਮੇਟੀ ਮੈਂਬਰ ਡਾ. ਨਛੱਤਰ ਪਾਲ ਨੇ ਨੀਲੇ ਕਾਰਡਾਂ ਦੀ ਚੱਲ ਰਹੀ ਜਾਂਚ ਦੇ ਵੇਰਵੇ ਲਏ।ਕਮੇਟੀ ਮੈਂਬਰ ਸੁਖਵਿੰਦਰ ਸਿੰਘ ਕੋਟਲੀ ਨੇ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।ਰਜਨੀਸ਼ ਕੁਮਾਰ ਦਹੀਯਾ ਨੇ ਐਸ.ਸੀ/ਐਸ.ਟੀ ਐਕਟ ਅਧੀਨ ਪੀੜ੍ਹਤ ਹੋਏ ਵਿਅਕਤੀਆਂ ਨੂੰ ਮੁਆਵਜਾ ਰਾਸ਼ੀ ਸਮੇਂ ਸਿਰ ਦੇਣ ਦੀ ਵਕਾਲਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਮੇਟੀ ਮੈਂਬਰਾਂ ਨੂੰ ‘ਜੀ ਆਇਆਂ’ ਕਹਿੰਦਿਆਂ ਭਰੋਸਾ ਦਿੱਤਾ ਕਿ ਸਾਡੇ ਵਲੋਂ ਐਸ.ਸੀ ਭਾਈਚਾਰੇ ਲਈ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਸਕੀਮਾਂ ਦਾ ਲਾਭ ਲੋੜਵੰਦਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਇਸ ਵਿੱਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਬਲਬੀਰ ਸਿੰਘ ਟੌਂਗ, ਵਿਧਾਇਕ ਸ੍ਰੀ ਜੀਵਨ ਸਿੰਘ ਸੰਘੋਵਾਲ, ਵਿਧਾਇਕ ਜਗਸੀਰ ਸਿੰਘ, ਅੰਡਰ ਸੈਕਟਰੀ ਨਰਿੰਦਰ ਸਿੰਘ ਭੱਟੀ, ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ, ਐਸ.ਪੀ ਹਰਜੀਤ ਸਿੰਘ, ਜਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਡਿਪਟੀ ਡਾਇਰੈਕਟਰ ਵਰਿਆਮ ਸਿੰਘ, ਲੀਡ ਬੈਂਕ ਮੈਨੇਜ਼ਰ ਪ੍ਰੀਤਮ ਸਿੰਘ, ਜਿਲ੍ਹਾ ਸੁਰੱਖਿਆ ਅਫ਼ਸਰ ਅਸੀਸ ਸਿੰਘ, ਡੀ.ਐਸ.ਐਸ.ਓ ਸੰਜੀਵ ਮੰਨਣ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Daily Online News Portal www.punjabpost.in

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …