Saturday, July 27, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਗੋਲਡਨ ਕਨਵੈਨਸ਼ਨ ਸੈਂਟਰ ਅੰਮ੍ਰਿਤਸਰ ਦੀ ਸ਼ਾਨ – ਅਮਨ ਅਰੋੜਾ

ਪੰਜਾਬ ਦੇ ਵਿਕਾਸ `ਚ ਯੂਨੀਵਰਸਿਟੀ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ
ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ, ਸ਼ਹਿਰੀ ਵਿਕਾਸ ਤੇ ਹਾਊਸਿੰਗ ਅਤੇ ਗੈਰ ਰਵਾਇਤੀ ਊਰਜਾ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ੍ਰ ਹਰਭਜਨ ਸਿੰਘ ਈ.ਟੀ.ਓ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਅੰਤਰਰਾਸ਼ਟਰੀ ਮਿਆਰ ਦੇ ਗੋਲਡਨ ਜੁਬਲੀ ਕਨਵੈਂਸ਼ਨ ਸੈੰਟਰ ਦਾ ਦੌਰਾ ਕੀਤਾ ਗਿਆ ਅਤੇ ਇਸ ਸੈਟਰ ਨੂੰ ਅੰਮ੍ਰਿਤਸਰ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣ ਵਾਲਾ ਕਰਾਰ ਦਿੰਦਿਆਂ ਕਿਹਾ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਇਹ ਦੂਰ-ਅੰਦੇਸ਼ੀ ਦਾ ਹੀ ਕਮਾਲ ਹੈ ਕਿ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਕਨਵੈਨਸ਼ਨ ਸੈੰਟਰ ਬਣਾਉਣ ਦਾ ਸਪਨਾ ਸਕਾਰ ਹੋ ਪਾਇਆ ਹੈ।ਉਨ੍ਹਾਂ ਕਿਹਾ ਕਿ ਇਸ ਕਨਵੈੰਸ਼ਨ ਸੈਂਟਰ ਦੀ ਧਮਕ ਚੰਡੀਗੜ੍ਹ ਤੱਕ ਪਈ ਹੈ।ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਹੁਣ ਅੰਮ੍ਰਿਤਸਰ ਵਿੱਚ ਕਰਵਾਉਣ ਨੂੰ ਵੱਡੀਆਂ ਸੰਸਥਾਵਾਂ ਪਹਿਲ ਦੇਣ ਲੱਗ ਪਈਆਂ ਹਨ ਜਿਸ ਨਾਲ ਅੰਮ੍ਰਿਤਸਰ ਦੇ ਵਿਕਾਸ ਨੂੰ ਹੋਰ ਬੱਲ ਮਿਲੇਗਾ।
ਇਸ ਤੋਂ ਪਹਿਲਾਂ ਉਨ੍ਹਾਂ ਦਾ ਇਥੇ ਪੁੱਜਣ `ਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਅਤੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਨਿੱਘਾ ਸਵਾਗਤ ਕੀਤਾ।ਯੂਨੀਵਰਸਿਟੀ ਦੇ ਹੌਸਪੀਟੈਲਟੀ ਅਤੇ ਈਵੈਂਟਸ ਦੇ ਨਵਨਿਯੁੱਕਤ ਡਾਇਰੈਕਟਰ, ਡਾ. ਤੇਜਵੰਤ ਸਿੰਘ ਕੰਗ ਨੇ ਕਨਵੈਨਸ਼ਨ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲਡਨ ਜੁਬਲੀ ਕਨਵੈੰਸ਼ਨ ਸੈੰਟਰ ਵਿੱਚ 50 ਤੋਂ ਲੈ ਕੇ 1000 ਸੀਟ ਸਮਰੱਥਾ ਵਾਲੇ ਹਾਲ ਮੌਜ਼ੂਦ ਹਨ ਜੋ ਅਧੁਨਿਕ ਲੋੜਾਂ ਅਤੇ ਅੰਤਰਰਾਸ਼ਟਰੀ ਮਾਪਦੰਡ ਦੇ ਅਧਾਰ `ਤੇ ਬਣੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਚੇਰੇ ਪੱਧਰ ਦੀਆਂ ਸੰਸਥਾਵਾਂ ਇਸ ਕਨਵੈਨਸ਼ਨ ਸੈਂਟਰ ਵਿਚ ਵੱਡੇ ਸਮਾਗਮ ਕਰਵਾ ਚੁੱਕੀਆਂ ਹਨ।
ਅਰੋੜਾ ਨੇ ਕਿਹਾ ਕਿ ਅੰਮ੍ਰਿਤਸਰ ਦੀਆਂ ਲੋੜਾਂ ਨੂੰ ਸਮਝਣ ਅਤੇ ਅੰਮ੍ਰਿਤਸਰ ਦੇ ਵਿਕਾਸ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ `ਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਲੱਗੀ ਹੈ ਜਿਸ ਦੇ ਚੰਗੇ ਨਤੀਜੇ ਮਿਲਣਗੇ।ਯੂਨੀਵਰਸਿਟੀ ਵਲੋਂ ਇਸ ਕਾਰਜ ਲਈ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕਰਦਿਆਂ ਕਿਹਾ ਕਿਹਾ ਜੀ-20 ਦੇ ਪ੍ਰੋਗਰਾਮ ਵੀ ਇਥੇ ਕਰਵਾਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ।ਉਨ੍ਹਾਂ ਯੂਨੀਵਰਸਿਟੀ ਦੇ ਹਰਿਆਲੀ ਦੀ ਵੀ ਸ਼ਲਾਘਾ ਕੀਤੀ ਅਤੇ ਯੂਨੀਵਰਸਿਟੀ ਨੂੰ 24ਵੀਂ ਵਾਰ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ) ਟਰਾਫੀ ਮਿਲਣ ਅਤੇ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਨੈਕ) ਵੱਲੋਂ 3.85/4 ਵਿਚ ਏ++ ਦਰਜਾ ਪ੍ਰਾਪਤ ਕਰਨ ਤੇ ਆਹਲਾ ਯੂਨੀਵਰਸਿਟੀ ਕਰਾਰ ਦੇਣ `ਤੇ ਸਮੂਹ ਯੂਨੀਵਰਸਿਟੀ ਭਾਈਚਾਰੇ ਅਤੇ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੂੰ ਵਧਾਈਆਂ ਵੀ ਦਿੱਤੀਆਂ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਧਾਰਮਿਕ ਤੇ ਇਤਹਾਸਿਕ ਮਹੱਤਤਾ ਦੇ ਕਾਰਨ ਦੁਨੀਆਂ ਭਰ ਤੋਂ ਲੋਕ ਇਥੇ ਆਉਂਦੇ ਹਨ।ਰੋਜ਼ਾਨਾ ਇੱਕ ਲੱਖ ਤੋਂ ਵੱਧ ਲੋਕਾਂ ਦੀ ਆਮਦ ਹੁੰਦੀ ਹੈ।ਅੰਮ੍ਰਿਤਸਰ ਨੂੰ ਅਜੇ ਵਿਕਾਸ ਦੀ ਬਹੁਤ ਲੋੜ ਹੈ ਜਿਸ ਦੇ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਸ਼ਹਿਰ ਲਈ ਸਾਡੇ ਕੋਲ ਵੱਡੀਆਂ ਯੋਜਨਾਵਾਂ ਹਨ ਅਤੇ ਛੇਤੀ ਹੀ ਇਨਾਂ ਉਤੇ ਅਮਲ ਸ਼ੁਰੂ ਕਰਕੇ ਅੰਮ੍ਰਿਤਸਰ ਨੂੰ ਦੇਸ਼ ਦਾ ਬਿਹਤਰੀਨ ਸ਼ਹਿਰ ਬਣਾਇਆ ਜਾਵੇਗਾ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …