ਛੇਹਰਟਾ, ਰਾਮਪੁਰਾ, ਵਣੀਈਕੇ, ਤਲਵੰਡੀ ਨਾਹਰ, ਵਿਕਾਸ ਤੇ ਕੈਬਰਿਜ਼ ਦੀਆਂ ਟੀਮਾਂ ਰਹੀਆਂ ਮੋਹਰੀ
ਅੰਮ੍ਰਿਤਸਰ, 13 ਦਸੰਬਰ (ਕੁਲਦੀਫ ਸਿੰਘ ਨੋਬਲ) -ਵਾਲੀਬਾਲ ਖੇਡ ਖੇਤਰ ਨੂੰ ਪ੍ਰਫੂਲਿੱਤ ਕਰਦਾ ਪਲੇਠਾ ਡਾ: ਪਰਮਿੰਦਰ ਸਿੰਘ ਪੰਨੂੰ ਮੈਮੋਰੀਅਲ ਇੰਟਰ ਸਕੂਲ ਦੋ ਦਿਨਾਂ ਜਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ ਜੀ.ਐਸ.ਪੀ. ਸੀਨੀਅਰ ਸੈਕੰਡਰੀ ਸਕੂਲ ਖਾਸਾ ਵਿਖੇ ਸੰਪੰਨ ਹੋ ਗਿਆ।ਡਾ: ਪਰਮਿੰਦਰ ਸਿੰਘ ਪੰਨੂੰ ਮੈਮੋਰੀਅਲ ਜਨਤਾ ਹਸਪਤਾਲ ਏਅਰਪੋਰਟ ਰੋਡ ਦੇ ਡਾਇਰੈਕਟਰ ਕਰਨਲ ਹਰਬੰਸ ਸਿੰਘ ਦੇ ਦਿਸ਼ਾ ਨਿਰਦੇਸ਼ਾਂ, ਮੁੱਖ ਸਲਾਹਕਾਰ ਡਾ: ਜਤਿੰਦਰ ਸਿੰਘ ਪੰਨੂੰ (ਐਮਬੀਬੀਐਸ ਮੈਡੀਸਨ) ਦੇ ਬੇਮਿਸਾਲ ਪ੍ਰਬੰਧਾਂ ਤੇ ਉਪਕਾਰ ਸਿੰਘ ਸੰਧੂ, ਪ੍ਰਿੰਸੀਪਲ ਮਹਿਤਾਬ ਸਿੰਘ ਪੰਨੂੰ, ਕੋਚ ਧੰਨਾ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਮਹਿਲਾ-ਪੁਰਸ਼ਾਂ ਦੀ ਇਸ ਖੇਡ ਪ੍ਰਤਿਯੋਗਿਤਾ ਦੇ ਵਿਚ 500 ਦੇ ਕਰੀਬ ਖਿਡਾਰੀਆਂ ਨੇ ਸ਼ਿਰਕਤ ਕੀਤੀ। ਪੁਰਸ਼ਾਂ ਦੇ 19 ਸਾਲ ਉਮਰ ਵਰਗ ਦੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਟੀਮ ਮੋਹਰੀ ਰਹਿ ਕੇ ਚੈਂਪੀਅਨ ਬਣੀ ਜਦੋਂ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਖਾਲਸਾ ਨੂੰ ਦੂਸਰਾ ਸਥਾਨ ਮਿਲਿਆ। ਅੰਡਰ-17 ਸਾਲ ਉਮਰ ਵਰਗ ਦੇ ਵਿਚ ਸੇਂਟ ਜੂਡ ਸਕੂਲ ਰਾਮਪੁਰਾ ਦੀ ਟੀਮ ਪਹਿਲੇ ਜਦੋਂ ਕਿ ਭਾਈ ਗੁਰਦਾਸ ਪਬਲਿਕ ਸਕੂਲ ਤਲਵੰਡੀ ਨਾਹਰ (ਫਤਿਹਗਡ੍ਹ ਚੂੜੀਆਂ) ਦੀ ਟੀਮ ਨੂੰ ਦੂਸਰਾ ਸਥਾਨ ਮਿਲਿਆ। ਅੰਡਰ 14 ਸਾਲ ਉਮਰ ਵਰਗ ਦੇ ਵਿਚ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਲੋਹਾਰਕਾ ਰੋਡ ਦੀ ਟੀਮ ਪਹਿਲੇ ਸਥਾਨ ਤੇ ਰਹਿ ਕੇ ਚੈਂਪੀਅਨ ਬਣੀ। ਇਸੇ ਤਰ੍ਹਾਂ ਸ਼੍ਰੀ ਗੁਰੂ ਰਾਮਦਾਸ ਸਪੋਰਟਸ ਅਕੈਡਮੀ ਐਂਡ ਹੌਸਟਲ ਵਣੀਈਕੇ ਦੀ ਟੀਮ ਦੂੂਸਰੇ ਸਥਾਨ ਤੇ ਜਦੋਂ ਕਿ ਵਿਕਾਸ ਪਬਲਿਕ ਸਕੂਲ ਮਜੀਠਾ ਰੋਡ ਦੀ ਟੀਮ ਦੂਸਰਾ ਰਨਰ ਅੱਪ ਸਥਾਨ ਹਾਸਲ ਕੀਤਾ। ਅੰਡਰ 12 ਸਾਲ ਉਮਰ ਵਰਗ ਦੇ ਵਿਚ ਸ਼੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਤੇ ਸ਼੍ਰੀ ਗੁਰੂ ਰਾਮਦਾਸ ਸਪੋਰਟਸ ਅਕੈਡਮੀ ਐਂਡ ਹੌਸਟਲ ਵਣੀਈਕੇ ਦੀ ਟੀਮ ਪਹਿਲੇ ਤੇ ਦੂਸਰੇ ਸਥਾਨ ਤੇ ਰਹੀ। ਜੇਤੂੁਆਂ ਨੂੰ ਇਨਾਮ ਵੰਡਣ ਦੀ ਰਸਮ ਸਹਾਇਕ ਕਮਿਸ਼ਨਰ (ਸ਼ਕਾਇਤਾਂ)/ਏ.ਡੀ.ਸੀ. ਅੰਮ੍ਰਿਤਸਰ ਮਿਸ ਪੂਨਮ ਸਿੰਘ ਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਭਕਨਾ ਚਰਨਜੀਤ ਸਿੰਘ ਨੇ ਸਾਂਝੇ ਤੋਰ ਤੇ ਅਦਾ ਕੀਤੀ। ਇਸ ਮੋਕੇ ਰਾਸ਼ਟਰੀ ਖਿਡਾਰਨ ਅਮਨਦੀਪ ਕੋਰ ਸੰਧੂ, ਰਾਸ਼ਟਰੀ ਖਿਡਾਰਨ ਪ੍ਰਦੀਪ ਕੋਰ, ਰਾਸ਼ਟਰੀ ਖਿਡਾਰਨ ਅਰਸ਼ਦੀਪ ਕੋਰ, ਰਾਸ਼ਟਰੀ ਖਿਡਾਰਨ ਐਨਮ ਸੰਧੂ, ਰਾਸ਼ਟਰੀ ਖਿਡਾਰਨ ਹਰਪ੍ਰੀਤ ਕੋਰ, ਰਾਸ਼ਟਰੀ ਖਿਡਾਰਨ ਕਾਮਿਨੀ, ਪ੍ਰਿੰਸੀਪਲ ਗੁਰਮਨਦੀਪ ਕੋਰ, ਬਾਕਸਿੰਗ ਕੋਚ ਬਲਕਾਰ ਸਿੰਘ, ਰਾਸ਼ਟਰੀ ਕੋਚ ਗੁਰਿੰਦਰ ਸਿੰਘ ਮੱਟੂ, ਕੋਚ ਨਵਦੀਪ ਸਿੰਘ, ਕੋਚ ਜਸਪਾਲ ਸਿੰਘ, ਕੋਚ ਹਰਮਿੰਦਰ ਸਿੰਘ ਹੈਪੀ, ਕੋਚ ਨਵਦੀਪ ਸਿੰਘ, ਡੀ.ਪੀ. ਮਾਨਸੀ ਖੰਨਾ, ਕੋਚ ਕੁਲਦੀਪ ਸਿੰਘ, ਡੀ.ਪੀ. ਜੌਨ ਗਿੱਲ ਆਦਿ ਨੂੰ ਵਿਸ਼ੇਸ਼ ਤੋਰ ਤੇ ਅਵਾਰਡ ਆਫ ਆਨਰਜ਼ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਮੁੱਖ ਮਹਿਮਾਨ ਸਹਾਇਕ ਕਮਿਸ਼ਨਰ (ਸ਼ਕਾਇਤਾਂ)/ਏ.ਡੀ.ਸੀ. ਅੰਮ੍ਰਿਤਸਰ ਮਿਸ ਪੂਨਮ ਸਿੰਘ ਨੇ ਕਿਹਾ ਕਿ ਖਿਡਾਰੀਆਂ ਵਾਸਤੇ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਨਾਲ ਖਿਡਾਰੀਆਂ ਨੂੰ ਖੇਡ ਖੇਤਰ ਦੇ ਵਿਚ ਅੱਗੇ ਵੱਧਣ ਦਾ ਮੋਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਖੇਡ ਖੇਤਰ ਨੂੰ ਹੋਰ ਵੀ ਚੁਸਤ ਤੇ ਦਰੁੱਸਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ, ਖਿਡਾਰੀਆਂ ਨੂੰ ਇਸ ਦਾ ਲਾਹਾ ਲੈਣਾ ਚਾਹੀਦਾ ਹੈ। ਇਸ ਮੋਕੇ ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਮਹਿਤਾਬ ਸਿੰਘ ਪੰਨੂੰ ਤੇ ਮੁੱਖ ਆਯੋਜਨ ਕਰਤਾ ਡਾ: ਜਤਿੰਦਰ ਸਿੰਘ ਪੰਨੂੰ ਨੇ ਬਾਹਰੋਂ ਆਏ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ।