ਸ਼ਹੀਦ ਨੂੰ ਸਮਰਪਿਤ ਅਜਾਇਬ ਘਰ ਬਣਾਉਣ ਦਾ ਕੀਤਾ ਐਲਾਨ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਵਿਸ਼ਾਲ ਕਾਫਲੇ ਸਮੇਤ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦੀ 89ਵੀਂ ਬਰਸੀ ਸਮਾਗਮ ਵਿੱਚ ਸ਼ਾਮਲ ਹੋਏ।ਮਾਨ ਨੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਭਾਈ ਸੇਵਾ ਸਿੰਘ ਠੀਕਰੀਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਅੰਗਰੇਜ਼ਾਂ ਨਾਲ ਆਜਾਦੀ ਦੀ ਜ਼ੰਗ ਲੜੀ ਅਤੇ ਸ਼ਹਾਦਤਾਂ ਪਾਈਆਂ।ਆਜ਼ਾਦੀ ਦੀ ਸੋਚ ਨੂੰ ਧਾਰਨ ਕਰਨਾ ਹੀ ਸੇਵਾ ਸਿੰਘ ਠੀਕਰੀਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਮਾਨ ਨੇ ਕਿਹਾ ਕਿ ਕਾਨੂੰਨ ਅਨੁਸਾਰ ਦਰਿਆ ਜਿਸ ਸੂਬੇ ਵਿੱਚ ਵਗਦੇ ਹਨ, ਪਾਣੀਆਂ ’ਤੇ ਉਸ ਦਾ ਹੀ ਹੱਕ ਹੈ ਪਰ ਸਾਡਾ ਇਹ ਹੱਕ ਕੈਰੋ ਸਾਬ੍ਹ, ਬਾਦਲ ਸਾਬ੍ਹ, ਬਰਨਾਲਾ ਸਾਬ੍ਹ ਤੋਂ ਬਾਅਦ ਫਿਰ ਕੈਪਟਨ ਸਾਬ੍ਹ ਨੇ ਕੇਂਦਰ ਦੇ ਪਿੱਛੇ ਲੱਗ ਕੇ ਦੂਜੇ ਸੂਬਿਆਂ ਨੂੰ ਦੇ ਦਿੱਤਾ, ਜਦੋਂਕਿ ਪੰਜਾਬ ਕੋਲ ਦੇਣ ਨੂੰ ਪਾਣੀ ਨਹੀਂ ਹੈ।ਪਾਣੀ ਦੀ ਘਾਟ ਕਰਕੇ ਅਬੋਹਰ-ਫਾਜਿਲਕਾ ਵਿੱਚ ਕਿੰਨੂਆਂ ਦੀ ਫਸਲ ਤਬਾਹ ਹੋ ਗਈ ਕਿਤੇ-ਕਿਤੇ ਤਾਂ ਰੌਣੀ ਲਈ ਵੀ ਪਾਣੀ ਨਹੀਂ ਹੈ।ਉਨ੍ਹਾਂ ਕਿਹਾ ਕਿ ਜਦੋਂ ਅਸੀਂ ਰਾਜਸਥਾਨ ਤੋਂ ਸੰਗਮਰਮਰ ਲੈ ਕੇ ਆਉਂਦੇ ਹਾਂ ਤਾਂ ਉਥੋਂ ਸਾਨੂੰ ਮੁਫਤ ਨਹੀਂ ਮਿਲਦਾ।ਜੇਕਰ ਰਾਜਸਥਾਨ ਵਾਲੇ ਪੱਥਰ ਦਾ ਪੈਸਾ ਵਸੂਲ ਸਕਦੇ ਹਨ ਤਾਂ ਪੰਜਾਬ ਨੂੰ ਪਾਣੀਆਂ ਦਾ ਮੁਆਵਜ਼ਾ ਕਿਉਂ ਨਹੀਂ ਮਿਲ ਸਕਦਾ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਘੱਟਗਿਣਤੀਆਂ ਲਈ ਕਾਨੂੰਨ ਹੋਰ ਹਨ ਤੇ ਬਹੁ-ਗਿਣਤੀਆਂ ਲਈ ਹੋਰ ਹਨ।ਇੱਕ ਪਾਸੇ ਸਾਡੇ ਸਿੱਖ ਵੀਰਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਰਿਹਾਅ ਨਹੀਂ ਕੀਤਾ ਜਾ ਰਿਹਾ।ਸਾਡੀ ਪਾਰਟੀ ਦੇ ਨਿਡਰ ਆਗੂ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਨੂੰ ਮਰਵਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਹੱਤਿਆ ਸਬੰਧੀ ਸਹੀ ਢੰਗ ਨਾਲ ਤਫਤੀਸ਼ ਵੀ ਨਹੀਂ ਕੀਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੇ ਨੂੰ ਕਰੀਬ 8 ਸਾਲ ਹੋ ਗਏ ਹਨ, ਪਰ ਹਾਲੇ ਤੱਕ ਦੋਸ਼ੀ ਨਹੀਂ ਫੜ੍ਹੇ ਗਏ।ਪਾਰਲੀਮੈਂਟ ਵਿੱਚ 543 ਮੈਂਬਰ ਹਨ, ਪਰ ਉਹ ਸਿੱਖ ਕੌਮ ਦੇ ਇਕੱਲੇ ਨੁੰਮਾਇੰਦੇ ਹਨ।ਇਸ ਲਈ ਮੰਗਣ ’ਤੇ ਵੀ ਉਨ੍ਹਾਂ ਨੂੰ ਟਾਇਮ ਨਹੀਂ ਦਿੱਤਾ ਜਾਂਦਾ।ਫਿਰ ਵੀ ਉਨ੍ਹਾਂ ਪਾਰਲੀਮੈਂਟ ਵਿੱਚ ਸਿੱਖ ਕੌਮ ਦੀ ਗੱਲ ਰੱਖੀ।ਹਲਕੇ ਦੇ ਲੋਕਾਂ ਵਲੋਂ ਸੌਂਪੇ ਗਏ ਮੰਗ ਪੱਤਰ ਸੰਬੰਧੀ ਉਨ੍ਹਾਂ ਕਿਹਾ ਕਿ ਸੜਕਾਂ ਦਾ ਨਿਰਮਾਣ ਕਰਵਾਇਆ ਜਾਵੇਗਾ।ਜਿਨ੍ਹਾਂ ਘਰਾਂ ਵਿੱਚ ਨਲਕੇ ਨਹੀਂ ਹਨ, ਨਲਕੇ ਲਗਵਾ ਦਿੱਤੇ ਜਾਣਗੇ ਅਤੇ ਜੋ ਘਰ ਕੱਚੇ ਹਨ, ਉਹ ਵੀ ਪੱਕੇ ਕਰਵਾਏ ਜਾਣਗੇ।
ਉਨ੍ਹਾਂ ਨੇ ਆਪਣੇ ਐਮ.ਪੀ ਫੰਡ ਵਿੱਚੋਂ ਸ਼ਹੀਦ ਭਾਈ ਸੇਵਾ ਸਿੰਘ ਠੀਕਰੀਵਾਲਾ ਨੂੰ ਸਮਰਪਿਤ ਅਜਾਇਬ ਘਰ ਬਣਵਾਉਣ ਦਾ ਐਲਾਨ ਵੀ ਕੀਤਾ।ਉਨ੍ਹਾਂ ਹਾਜ਼ਰੀਨ ਨੂੰ ਕਿਹਾ ਕਿ ਕਿਸੇ ਵੀ ਕੰਮ ਲਈ ਉਨ੍ਹਾਂ ਦੇ ਦਰਵਾਜੇ ਹਰ ਸਮੇਂ ਖੁੱਲ੍ਹੇ ਹਨ।
ਇਸ ਮੌਕੇ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ, ਪੀ.ਏ.ਸੀ ਮੈਂਬਰ ਬਹਾਦਰ ਸਿੰਘ ਭਸੌੜ, ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਬਰਨਾਲਾ, ਗੁਰਪ੍ਰੀਤ ਸਿੰਘ ਖੁੱਡੀ ਹਲਕਾ ਇੰਚਾਰਜ ਬਰਨਾਲਾ, ਪ੍ਰਿੰਸੀਪਲ ਬਲਦੇਵ ਸਿੰਘ ਬਰਨਾਲਾ, ਗੁਰਜੰਟ ਸਿੰਘ ਕੱਟੂ, ਹਰਿੰਦਰ ਸਿੰਘ ਔਲਖ, ਰਣਦੀਪ ਸਿੰਘ ਸੰਧੂ, ਸੁਖਚੈਨ ਸਿੰਘ ਸੰਘੇੜਾ, ਮਿੰਦਰ ਸਿੰਘ ਸਹਿਜੜਾ, ਰਾਮ ਸਿੰਘ ਗਹਿਲ, ਨਛੱਤਰ ਸਿੰਘ, ਬਚਿੱਤਰ ਸਿੰਘ, ਸੁਖਚੈਨ ਸਿੰਘ, ਜਸਵੀਰ ਸਿੰਘ ਬਿੱਲਾ ਆਦਿ ਆਗੂ ਹਾਜ਼ਰ ਸਨ।