ਸੰਤ ਅਤਰ ਸਿੰਘ ਜੀ ਮਸਤੂਆਣਾ ਤੇ ਸੰਤ ਬਾਬਾ ਇਕਬਾਲ ਸਿੰਘ ਜੀ ਨੂੰ ਸਮਰਪਿਤ ਕਰਵਾਇਆ ਸੰਤ ਸਮਾਗਮ
ਸੰਗਰੂਰ, 12 ਫਰਵਰੀ (ਜਗਸੀਰ ਲੌਂਗੋਵਾਲ) – ਵੀਹਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਤੇ ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਪਰਉਪਕਾਰੀ ਜੀਵਨ ਨੂੰ ਸਮਰਪਿਤ ਨਵੀਂ ਦਿੱਲੀ ਦੇ ਗੁਰਦੁਆਰਾ ਰਕਾਬਗੰਜ਼ ਸਾਹਿਬ ਵਿਖੇ ਸਲਾਨਾ ਸੰਤ ਸਮਾਗਮ ਕਰਵਾਇਆ ਗਿਆ।ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਹ ਦੋ-ਰੋਜ਼ਾ ਸੰਤ ਸਮਾਗਮ 11 ਅਤੇ 12 ਫਰਵਰੀ ਨੂੰ ਆਯੋਜਿਤ ਕੀਤਾ ਗਿਆ।ਜਿਸ ਵਿੱਚ ਪੰਥ ਦੇ ਉਘੇ ਰਾਗੀਆਂ ਅਤੇ ਕਥਾਕਾਰਾਂ ਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਇਨ੍ਹਾਂ ਵਿੱਚ ਗੁਰਦੁਆਰਾ ਬੜੂ ਸਾਹਿਬ ਦੇ ਅਨਾਹਦ ਬਾਣੀ ਜਥੇ (ਤੰਤੀ ਸਾਜ਼) ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਸਤਨਾਮ ਸਿੰਘ ਕੋਹਾੜਕਾ, ਭਾਈ ਅਮਨਦੀਪ ਸਿੰਘ, ਭਾਈ ਗੁਰਕੀਰਤ ਸਿੰਘ ਅਤੇ ਭਾਈ ਸਰਬਜੋਤ ਸਿੰਘ ਪਟਨਾ ਸਾਹਿਬ ਤੇ ਅਖੰਡ ਕੀਰਤਨੀ ਜਥੇ ਨੇ ਸੰਗਤਾਂ ਨੂੰ ਸ਼ਬਦ ਗੁਰਬਾਣੀ ਰਾਹੀਂ ਨਿਹਾਲ ਕੀਤਾ।ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਗਿਆਨੀ ਹਰਪਾਲ ਸਿੰਘ ਨੇ ਸੰਗਤਾਂ ਨੂੰ ਕਥਾ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ।
ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ , ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਅਤੇ ਹੋਰ ਪੰਥਕ ਸ਼ਖਸ਼ੀਅਤਾਂ ਤੇ ਮਹਾਂਪੁਰਖਾਂ ਨੇ ਕਥਾ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਚ ਵਿੱਦਿਆ ਪ੍ਰਾਪਤ ਕੌਮਾਂ ਦੁਨੀਆਂ `ਤੇ ਆਪਣੀਆਂ ਅਮਿੱਟ ਪੈੜਾਂ ਛੱਡਦੀਆਂ ਹਨ।ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਅਤੇ ਭਾਈ ਜਗਜੀਤ ਸਿੰਘ ਨੇ ਟਰੱਸਟ ਦੁਆਰਾ ਮਨੁੱਖਤਾ ਦੀ ਸੇਵਾ ਅਤੇ ਵਿੱਦਿਆ ਦੇ ਖੇਤਰ ‘ਚ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।ਇਸ ਤੋਂ ਇਲਾਵਾ ਸੰਤ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਤੇਜਾ ਸਿੰਘ ਜੀ ਅਤੇ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣਕਾਰੀ ਦੇਣ ਲਈ ਸੰਤ ਪ੍ਰਦਰਸ਼ਨੀ, ਸਿਹਤ ਕੈਂਪ, ਪੌਦਿਆਂ ਦਾ ਲੰਗਰ, ਸਿੱਖੀ ਫੁੱਲਵਾੜੀ, ਦਸਤਾਰ ਸਿਖਲਾਈ ਕੈਂਪ, ਬੱਚਿਆਂ ਲਈ ਕਰਵਾਏ ਗਏ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੀ ਇਸ ਸਮਾਗਮ ਦੀ ਖਿੱਚ ਦੇ ਮੁੱਖ ਕੇਂਦਰ ਸਨ। ਸਮਾਗਮ ਦੇ ਦੂਜੇ ਦਿਨ ਅਨੇਕਾਂ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ ਗਿਆ।