ਸੰਗਰੂਰ, 12 ਫਰਵਰੀ (ਜਗਸੀਰ ਲੌਂਗੋਵਾਲ) – ਪ੍ਰਚੀਨ ਰਾਮ ਮੰਦਰ ਸੀਤਾਸਰ ਧਾਮ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਸ਼ਿਵਰਾਤਰੀ ਦਾ 48ਵਾਂ ਮੇਲਾ 18 ਫਰਵਰੀ ਦਿਨ ਸ਼ਨੀਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਮੰਦਰ ਕਮੇਟੀ ਦੇ ਚੇਅਰਮੈਨ ਹਰੀਦੇਵ ਗੋਇਲ ਨੇ ਦੱਸਿਆ ਕਿ 11 ਫਰਵਰੀ ਤੋਂ ਅਚਾਰੀਆ ਅਸ਼ਵਨੀ ਸ਼ਾਸਤਰੀ ਜੀ ਮਹਾਂਸ਼ਿਵ ਪੁਰਾਣ ਦੀ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ 16 ਫਰਵਰੀ ਨੂੰ ਵਿਸ਼ਾਲ ਨਗਰ ਸ਼ੋਭਾ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਹਾਸ਼ਿਵਰਾਤਰੀ ਵਾਲੇ ਦਿਨ ਸਵੇਰੇ 9.00 ਵਜੇ 1008 ਕੰਨਿਆਂ ਜਲ ਯਾਤਰਾ ਕੱਢਣਗੀਆਂ, ਸ਼ਿਵਰਾਤਰੀ ਵਾਲੀ ਰਾਤ ਭਗਵਾਨ ਭੋਲੇ ਬਾਬਾ ਦੀਆ ਚਾਰੋਂ ਪੂਜਾ ਕੀਤੀਆਂ ਜਾਣਗੀਆਂ ਅਤੇ ਹਵਨ ਯੱਗ ਹੋਣਗੇ।ਇਸ ਦੀ ਪੂਰਨਹੋਤੀ 19 ਫਰਵਰੀ ਨੂੰ ਸਵੇਰੇ 10 ਵਜੇ ਹੋਵੇਗੀ।ਇਸ ਤੋਂ ਬਾਅਦ ਭਗਵਾਨ ਭੋਲੇ ਨਾਥ ਜੀ ਦਾ ਵਿਸ਼ਾਲ ਭੰਡਾਰਾ ਵਰਤਾਇਆ ਜਾਵੇਗਾ।ਹਰੀ ਦੇਵ ਗੋਇਲ ਨੇ ਕਿਹਾ ਕਿ ਇਹ ਪ੍ਰਾਚੀਨ ਸੀਤਾਸਰ ਧਾਮ ਹੈ।ਪਹਿਲਾਂ ਇਸ ਮੰਦਿਰ ਦੇ ਆਲੇ ਦੁਆਲੇ ਸ਼ਿਕਾਰ ਖੇਡਣ ਦੀ ਮਨਾਹੀ ਸੀ।ਮੰਦਰ ਦੇ ਆਲੇ ਦੁਆਲੇ ਚਾਰੇ ਪਾਸੇ ਘਾਟ ਬਣੇ ਹੋਏ ਸਨ, ਜਿਥੇ ਮਾਤਾ ਸੀਤਾ ਜੀ ਆਪਣੇ ਦੂਜੇ ਬਨਵਾਸ ਸਮੇਂ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਨਾਲ ਇਸ ਪ੍ਰਚੀਨ ਤੀਰਥ ਸਥਾਨ ‘ਤੇ ਆਏ ਸਨ ਅਤੇ ਮਾਤਾ ਸੀਤਾ ਜੀ ਨੇ ਇਸ ਪਵਿੱਤਰ ਸਰੋਵਰ ਵਿਖੇ ਆਪਣੇ ਕੇਸ ਧੋਤੇ ਸਨ।ਪਹਿਲਾਂ ਇਸ ਸਰੋਵਰ ਨੂੰ ਪਦਮਾਸਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ।ਪਰ ਬਾਅਦ ਵਿੱਚ ਇਸ ਪਵਿੱਤਰ ਸਰੋਵਰ ਦਾ ਨਾਮ ਸ਼੍ਰੀ ਸੀਤਾਸਰ ਧਾਮ ਹੋ ਗਿਆ।ਇਸ ਮੰਦਰ ਵਿਖੇ ਜੋ ਸ਼ਰਧਾਲੂ ਸੱਚੇ ਮਨ ਨਾਲ ਆ ਕੇ ਮੱਥਾ ਟੇਕਦਾ ਹੈ, ਉਸ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …