Saturday, July 27, 2024

ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲੇ ਦਾ ਦੂਸਰਾ ਦਿਨ ਪੰਜਾਬੀ ਚਿੰਤਨ ਨੂੰ ਰਿਹਾ ਸਮਰਪਿਤ

ਅੰਮ੍ਰਿਤਸਰ, 15 ਫ਼ਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਵਿਰਾਸਤੀ ਵਿਦਿਅਕ ਸੰਸਥਾ ਖ਼ਾਲਸਾ ਕਾਲਜ ਅੰਮਿ੍ਰਤਸਰ ਵਿਖੇ ਚੱਲ ਰਹੇ ਅੱਠਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਦੂਸਰੇ ਦਿਨ ਅੱਜ ਚਿੰਤਕਾਂ ਦਾ ਚਿੰਤਨ ਭਾਰੂ ਰਿਹਾ।ਦੂਸਰੇ ਦਿਨ ਦੀ ਸ਼ੁਰੂਆਤ ਮਹਿੰਦਰ ਸਿੰਘ ਸਰਨਾ ਜਨਮ-ਸ਼ਤਾਬਦੀ ਨੂੰ ਸਮਰਪਿਤ ਪੈਨਲ ਚਰਚਾ ਨਾਲ ਹੋਈ।ਮਹਿੰਦਰ ਸਿੰਘ ਸਰਨਾ ਦੀ ਪੰਜਾਬੀ ਸਾਹਿਤ ਨੂੰ ਦੇਣ ਵਿਸ਼ੇ ਤੇ ਹੋਈ ਪੈਨਲ ਚਰਚਾ ਵਿੱਚ ਮੁੱਖ ਮਹਿਮਾਨ ਵਜੋਂ ਨਵਤੇਜ ਸਿੰਘ ਸਰਨਾ ਸਾਬਕਾ ਭਾਰਤੀ ਰਾਜਦੂਤ ਪਹੁੰਚੇ, ਜਦਕਿ ਇਸ ਪੈਨਲ ਚਰਚਾ ਵਿਚ ਭਾਗ ਲੈਣ ਵਾਲੇ ਮਾਹਿਰ ਵਿਦਵਾਨਾਂ ਵਿਚ ਡਾ. ਮਹਿਲ ਸਿੰਘ ਅਤੇ ਡਾ. ਅਮਨਪ੍ਰੀਤ ਸਿੰਘ ਗਿੱਲ ਸਨ।ਵਿਦਵਾਨਾਂ ਨੇ ਸਪੱਸ਼ਟ ਕੀਤਾ ਕਿ ਮਹਿੰਦਰ ਸਿੰਘ ਸਰਨਾ ਦੀਆਂ ਰਚਨਾਵਾਂ ਵਿਸ਼ੇਸ਼ ਕਰ ਕਹਾਣੀਆਂ ਵਿਚੋਂ 47 ਦੀ ਵੰਡ ਦਾ ਸੰਪੂਰਨ ਦੁੱਖ ਮਹਿਸੂਸ ਕੀਤਾ ਜਾ ਸਕਦਾ ਹੈ।ਦੋਵਾਂ ਪਾਸਿਆਂ ਦੀ ਬਰਬਰਤਾ ਨੂੰ ਇਹ ਕਹਾਣੀਆਂ ਬਾਖੂਬੀ ਪੇਸ਼ ਕਰਦੀਆਂ ਹਨ।
ਦੂਸਰੀ ਪੈਨਲ ਚਰਚਾ ਦਾ ਵਿਸ਼ਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਪੁਸਤਕ ‘ਸੰਵਾਦ ਏ ਪੰਜਾਬ’ ਸੀ।ਇਸ ਵਿਸ਼ੇ ‘ਤੇ ਵਿਚਾਰ ਚਰਚਾ ਵਿੱਚ ਭਾਗ ਲੈਣ ਵਾਲੇ ਵਿਦਵਾਨਾਂ ਵਿੱਚ ਅਮਰਜੀਤ ਸਿੰਘ ਗਰੇਵਾਲ, ਡਾ. ਸੁਰਜੀਤ ਸਿੰਘ, ਡਾ. ਗੁਰਮੁੱਖ ਸਿੰਘ ਅਤੇ ਡਾ. ਮਹਿਲ ਸਿੰਘ ਸਨ। ਡਾ. ਗਰੇਵਾਲ ਕਿਹਾ ਕਿ ਪੰਜਾਬ ਬਾਰੇ ਸਮੇਂ ਸਮੇਂ ਤੇ ਵੱਖ ਵੱਖ ਨੈਰੇਟਿਵ ਪੈਦਾ ਹੁੰਦੇ ਹਨ ਜੋ ਪੰਜਾਬ ਨੂੰ ਸਮਝਣ ਲਈ ਸਹਾਇਕ ਹੋ ਸਕਦੇ ਹਨ।ਡਾ. ਸੁਰਜੀਤ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਵਿਨਾਸ਼ਕਾਰੀ ਅਤੇ ਉਸਰੂ ਦੋਵੇਂ ਕਿਸਮ ਦੀ ਹਿੰਸਾ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ।ਡਾ. ਮਹਿਲ ਸਿੰਘ ਨੇ ਕਿਹਾ ਕਿ ਇਸਾਈ ਡੇਰਿਆਂ ਤੇ ਵਧ ਰਹੀ ਸੰਖਿਆ ਪੰਜਾਬ ਦੇ ਵਾਤਾਵਰਣ ਵਿੱਚ ਇੱਕ ਨਵੇਂ ਪਰਿਵਰਤਨ ਦੀ ਘੰਟੀ ਹੈ
ਵਿਚਾਰ ਚਰਚਾ ਤੋਂ ਬਾਅਦ ਪੁਸਤਕ ਰਿਲੀਜ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਪਰਮਿੰਦਰ ਸੋਢੀ ਅਤੇ ਅਮਨਦੀਪ ਮਨੂ ਦੀ ਪੁਸਤਕ ‘ਕੁਦਰਤ ਨਾਦ’ ਪਰਗਟ ਸਿੰਘ ਸਤੌਜ ਦਾ ਨਾਵਲ ‘1947’ ਡਾ. ਪਰਮਜੀਤ ਸਿੰਘ ਢੀਂਗਰਾ ਦੀ ਪੁਸਤਕ ‘ਗੁਲਾਮੀ ਦੀ ਦਾਸਤਾਨ’ ਵਾਹਿਦ ਦੀ ਪੁਸਤਕ ‘ਪ੍ਰਿਜ਼ਮ ’ਚੋਂ ਲੰਘਦਾ ਸ਼ਹਿਰ’ ਅਤੇ ਹਰਜੋਤ ਦੁਆਰਾ ਅਨੁਵਾਦਤ ਅਮਿਤ ਖਾਨ ਦੀ ਪੁਸਤਕ ‘ਨਾਈਟ ਕਲੱਬ’ ਨੂੰ ਰਲੀਜ਼ ਕੀਤਾ ਗਿਆ।
ਅੱਜ ਦੇ ਦਿਨ ਦੀ ਸਮਾਪਤੀ ਸੂਫੀ ਗਾਇਕ ਯਾਕੂਬ ਦੀ ਗਾਇਕੀ ਨਾਲ ਕੀਤੀ ਗਈ, ਜਿਸ ਨੂੰ ਦਰਸ਼ਕਾਂ ਨੇ ਬੜੇ ਧਿਆਨ ਨਾਲ ਸੁਣਿਆ ਅਤੇ ਸਮੇਂ ਸਮੇਂ ਤੇ ਤਾੜੀਆਂ ਨਾਲ ਗਾਇਕ ਦੀ ਹੌਸਲਾ ਅਫਜ਼ਾਈ ਵੀ ਕੀਤੀ।ਮੇਲੇ ਦੇ ਪ੍ਰਬੰਧਕ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮੇਲੇ ਦੇ ਤੀਸਰਾ ਦਿਨ ਵੱਖ-ਵੱਖ ਕਲਾਵਾਂ ਨੂੰ ਸਮਰਪਿਤ ਰਹੇਗਾ।16 ਫਰਵਰੀ ਨੂੰ ਸਭ ਤੋਂ ਪਹਿਲਾਂ ਸਵੇਰੇ 11:30 ਵਜੇ ਕੌਮਾਂਤਰੀ ਚਿਤਰਕਾਰ ਸਿਧਾਰਥ ਦੀ ਲਾਈਵ ਚਿੱਤਰਕਾਰੀ ਦਾ ਪ੍ਰਦਰਸ਼ਨ ਹੋਵੇਗਾ।ਇਸ ਤੋਂ ਬਾਅਦ ਰੱਬੀ ਸ਼ੇਰਗਿੱਲ ਦਾ ਸੰਗੀਤਕ ਪ੍ਰੋਗਰਾਮ ‘ਬੁੱਲਾ ਕੀ ਜਾਣਾ ਮੈਂ ਕੌਣ’ ਹੋਵੇਗਾ।2:30 ਵਜੇ ਖ਼ਾਲਸਾ ਕਾਲਜ ਦੇ ਥਿਏਟਰ ਵਿਭਾਗ ਵੱਲੋਂ ਮੰਟੋ ਦੀਆਂ ਕਹਾਣੀਆਂ ‘ਤੇ ਅਧਾਰਿਤ ਨਾਟਕ ‘ਅਫਸਾਨਾ’ ਦਿਖਾਇਆ ਜਾਵੇਗਾ ਜਿਸ ਨੂੰ ਮਸ਼ਹੂਰ ਨਿਰਦੇਸ਼ਕ ਸ਼ਰਧਾ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ।ਸ਼ਾਮ ਨੂੰ ਕਵੀ ਦਰਬਾਰ ਹੋਵੇਗਾ, ਜਿਸ ਵਿਚ ਹਾਜਰ ਕਵੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ।

 

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …