ਭਾਰਤੀ ਅਰਥਚਾਰੇ ਦਾ ਮੁੱਖ ਥੰਮ ਹੈ ਖੇਤੀਬਾੜੀ – ਕਾਮਰੇਡ ਇਕੋਲਾਹਾ
ਸੰਗਰੂਰ, 15 ਫਰਵਰੀ (ਜਗਸੀਰ ਲੌਂਗੋਵਾਲ) – ਆਲ ਇੰਡੀਆ ਸੰਯੁਕਤ ਕਿਸਾਨ ਸਭਾ (ਏ.ਆਈ.ਐਸ.ਕੇ.ਐਸ) ਦੀ ਕੇਂਦਰੀ ਕਮੇਟੀ ਦੀ ਮੀਟਿੰਗ ਨਵੀਂ ਦਿੱਲੀ ਵਿਖੇ ਕੌਮੀ ਪ੍ਰਧਾਨ ਸੁਭਾਸ਼ ਨਸਕਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਆਰ.ਐਸ.ਪੀ ਦੇ ਕੌਮੀ ਜਨਰਲ ਸਕੱਤਰ ਮਨੋਜ ਭੱਟਾਚਾਰੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਮੀਟਿੰਗ ਵਿੱਚ ਦੇਸ਼ ਦੇ ਖੇਤੀ ਸੈਕਟਰ ਪ੍ਰਤੀ ਕੇਂਦਰ ਸਰਕਾਰ ਦੇ ਅੜੀਅਲ ਨਾਕਾਰਾਤਮਕ ਰਵੱਈਏ ਦੀ ਆਲੋਚਨਾ ਕੀਤੀ ਗਈ।ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸੰਯੁਕਤ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ 2023-24 ਲਈ ਬਜ਼ਟ ਅਲਾਟਮੈਂਟ ਕੁੱਲ ਖੇਤੀਬਾੜੀ ਅਤੇ ਸਹਾਇਕ ਖੇਤਰ ਵਿੱਚ 5% ਘਟਾ ਦਿੱਤੀ ਗਈ ਹੈ, ਜੋ ਪਿੱਛਲੇ ਸਾਲ 151521 ਕਰੋੜ ਸੀ।ਹੁਣ 2023-24 ਵਿੱਚ ਖੇਤੀਬਾੜੀ ਅਤੇ ਸਹਾਇਕ ਖੇਤਰ ਲਈ 144214 ਕਰੋੜ ਬਜ਼ਟ ਰੱਖਿਆ ਗਿਆ ਹੈ।ਖੇਤੀਬਾੜੀ ਭੋਜਨ ਸੁਰੱਖਿਆ, ਰੁਜ਼ਗਾਰ ਅਤੇ ਵਿਦੇਸ਼ੀ ਵਪਾਰ ਦੇ ਸਬੰਧ ਵਿੱਚ ਭਾਰਤੀ ਅਰਥਚਾਰੇ ਦਾ ਮੁੱਖ ਥੰਮ ਹੈ।ਉਹਨਾ ਅੱਗੇ ਕਿਹਾ ਅਸਲ ਐਮ.ਐਸ.ਪੀ ਤੇ ਗਰੰਟੀ ਕਾਨੂੰਨ ਬਣਾਉਣ ਲਈ ਬਜ਼ਟ ਵਿੱਚ ਕੋਈ ਅਲਾਟਮੈਂਟ ਨਹੀਂ ਕੀਤੀ ਗਈ ਜੋ ਕਿ ਕਿਸਾਨ ਅੰਦੋਲਨ ਦੀ ਮੁੱਖ ਮੰਗ ਹੈ।
ਸੰਯੁਕਤ ਕਿਸਾਨ ਸਭਾ ਨੇ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦੇ ਅਣਗਹਿਲੀ ਵਾਲੇ ਰਵੱਈਏ ਦਾ ਸਖ਼ਤ ਵਿਰੋਧ ਅਤੇ ਨਿੰਦਾ ਕਰਦਿਆਂ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।ਸੰਯੁਕਤ ਕਿਸਾਨ ਸਭਾ ਨੇ ਇਸ ਸਾਲ ਪੰਜਾਬ ਵਿੱਚ ਕਿਸਾਨ ਅੰਦੋਲਨ ਦੀ ਉਸਾਰੀ ਲਈ ਰਾਸ਼ਟਰੀ ਕਾਨਫਰੰਸ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ।ਮੀਟਿੰਗ ਨੂੰ ਕੇ.ਐਸ ਵੇਣੂ ਗੋਪਾਲ, ਥੰਪੀ ਮਿਥਾਈ ਕੇਰਲਾ, ਮਿਹੀਰਪਾਲ ਪੱਛਮੀ ਬੰਗਾਲ, ਸੇਖ ਫ਼ੈਜ਼ ਅਹਿਮਦ ਜੰਮੂ ਕਸ਼ਮੀਰ, ਤਪਨ ਹੋਰੇ, ਟੋਂਨਲ ਮੁਰਮੂ ਝਾਰਖੰਡ, ਰਾਜੇਸ਼ ਕੁਮਾਰ ਗੁਪਤਾ ਉੱਤਰ ਪ੍ਰਦੇਸ਼, ਜਾਨਕੀ ਰਾਮਲੂ ਤੇਲੰਗਾਨਾ, ਐਸ.ਐਸ ਸੁਧੀਰ, ਐਮ ਰਾਜਾ ਅਸ਼ੀਰਵਾਦਨ ਤਾਮਿਲਨਾਡੂ, ਲੇਖਰਾਮ ਸਿੰਘ ਰਾਠੌਰ ਮੱਧ ਪ੍ਰਦੇਸ਼, ਐਡਵੋਕੇਟ ਰਾਬਿਨ ਮੰਡਲ ਅਸਾਮ, ਹਰਜਿੰਦਰ ਸਿੰਘ ਆਦਿ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ।