Friday, June 21, 2024

ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਨਾਲ ਸੰਪਨ

ਹਰਿੰਦਰ ਸੋਹਲ ਦੇ ਗੀਤਾਂ ਤੇ ਗਲੋਰੀ ਬਾਵਾ ਦੀ ਪ੍ਰੰਪਰਾਗਤ ਲੰਮੀ ਹੇਕ ‘ਤੇ ਝੂਮੇ ਦਰਸ਼ਕ

ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਸਿਖਰਲਾ ਦਿਨ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਨਾਲ ਸਮਾਪਤ ਹੋਇਆ।ੇ ਅਖੀਰਲੇ ਦਿਨ ਦੀ ਸ਼ੁਰੂਆਤ ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ ਵਲੋਂ ਕਰਵਾਏ ਗਏ ਮਿੰਨੀ ਕਹਾਣੀ ਦਰਬਾਰ ਤੋਂ ਹੋਈ।ਜਿਸ ਦੀ ਪ੍ਰਧਾਨਗੀ ਦਰਵੇਸ਼ ਸਾਹਿਤਕਾਰ ਅਤੇ ਸਮਾਜ ਸੇਵੀ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕੀਤੀ ਉਹਨਾਂ ਨੇ ਕਿਹਾ ਕਿ ਇਹ ਮੇਲਾ ਬੜਾ ਵਿਲੱਖਣ ਕਿਸਮ ਦਾ ਹੈ, ਜਿਥੇ ਪੁਸਤਕਾਂ, ਫੁੱਲ ਅਤੇ ਸ਼ਹਿਦ ਇਕੱਠੇ ਵਿਕ ਰਹੇ ਹਨ, ਜੋ ਮਨੁੱਖ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਜਰੂਰੀ ਹਨ।ਮੰਚ ਸੰਚਾਲਨ ਅਤੇ ਕਹਾਣੀਕਾਰਾਂ ਨਾਲ ਜਾਣ-ਪਛਾਣ ਦੀ ਜਿੰਮੇਵਾਰੀ ਉਘੇ ਕਹਾਣੀਕਾਰ ਦੀਪ ਦਵਿੰਦਰ ਅਤੇ ਡਾ. ਪਰਮਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਬਾਖੂਬੀ ਨਿਭਾਈ।
ਇਸ ਦਰਬਾਰ ਵਿੱਚ ਡਾ. ਬਲਦੇਵ ਸਿੰਘ ਖਹਿਰਾ, ਡਾ. ਹਰਪ੍ਰੀਤ ਸਿੰਘ ਰਾਣਾ, ਪਰਮਜੀਤ ਕੌਰ, ਡਾ. ਹਰਜਿੰਦਰ ਕੌਰ ਕੰਗ, ਜਗਦੀਸ਼ ਰਾਏ ਕੁਲਰੀਆ, ਮੰਗਤ ਕੁਲਜ਼ਿੰਦ, ਦਰਸ਼ਨ ਸਿੰਘ ਬਰੇਟਾ, ਬੀਰ ਇੰਦਰ ਬਨਭੌਰੀ, ਗੁਰਸੇਵਕ ਸਿੰਘ ਰੋੜਕੀ, ਗੁਰਪ੍ਰੀਤ ਕੌਰ, ਨਵਜੋਤ ਕੌਰ ਅਤੇ ਐਮ.ਪੀ ਮਸੀਹ ਨੇ ਵੱਡੇ ਅਰਥਾਂ ਨਾਲ ਭਰੀਆਂ ਮਿੰਨੀ ਕਹਾਣੀਆਂ ਸੁਣਾਈਆਂ ਜਿੰਨ੍ਹਾਂ ਨੂੰ ਸਰੋਤਿਆਂ ਨੇ ਬੜੇ ਸ਼ਾਤਮਈ ਮਾਹੌਲ ਵਿੱਚ ਸੁਣਿਆ ਅਤੇ ਤਾੜੀਆਂ ਨਾਲ ਕਹਾਣੀਕਾਰਾਂ ਦੀ ਹੌਸਲਾ ਅਫਜਾਈ ਕੀਤੀ।
ਦੂਸਰੇ ਪ੍ਰੋਗਰਾਮ ਵਿਚ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਵਰਿਆਮ ਸੰਧੂ ਦਾ ਰੂਬਰੂ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਰਮਿੰਦਰ ਕੌਰ ਨੇ ਕੀਤੀ ਜਦਕਿ ਲੇਖਕ ਨਾਲ ਸੰਵਾਦ ਡਾ. ਕੁਲਵੰਤ ਸਿੰਘ ਨੇ ਰਚਾਇਆ ਅਤੇ ਉਹਨਾਂ ਨੇ ਵਰਿਆਮ ਸੰਧੂ ਦੀਆਂ ਲਿਖਤਾਂ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ।ਉਹਨਾਂ ਦੱਸਿਆ ਕਿ ਵਰਿਆਮ ਨੇ ਘੱਟ ਪਰ ਮਿਆਰੀ ਕਹਾਣੀਆਂ ਲਿਖ ਕੇ ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਆਪਣਾ ਵਿਲੱਖਣ ਮੁਕਾਮ ਸਥਾਪਤ ਕੀਤਾ ਹੈ। ਸੰਧੂ ਸਾਹਿਬ ਨੇ ਆਪਣੇ ਜੀਵਨ ਦੇ ਤਿੰਨਾਂ ਪੜਾਵਾਂ ਦੇ ਅਨੁਭਵ ਅਤੇ ਕਹਾਣੀ ਸਿਰਜਣਾ ਦੇ ਪਲਾਂ ਦੀ ਦਰਸ਼ਕਾਂ ਨਾਲ ਸਾਂਝ ਪਵਾਈ। ਉਹਨਾਂ ਨੇ ਕਿਹਾ ਕਿ ਲੇਖਕ ਬਣਨ ਲਈ ਮਨੁੱਖ ਨੂੰ ਪੱਤਲਚੰਮਾ ਹੋਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਮੇਰੇ ਪਾਤਰ ਮਰਨਹਾਰ ਸਥਿਤੀਆਂ ਵਿਚ ਵੀ ਜੀਵਨ ਨੂੰ ਲੱਭ ਲੈਂਦੇ ਹਨ।
ਬਾਅਦ ਦੁਪਹਿਰ ਪੰਜਾਬ ਸੰਗੀਤ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਗੁਰਮੀਤ ਬਾਵਾ ਨੂੰ ਸਮਰਪਿਤ ਹੋਏ ਸਭਿਆਚਾਰਕ ਪ੍ਰੋਗਰਾਮਾਂ ਦੀ ਸ਼ੁਰੂਆਤ ਵਿਚ ਜਦੋਂ ਗਲੋਰੀ ਬਾਵਾ ਨੇ ਸਭਿਆਚਾਰਕ ਗੀਤਾਂ ਨਾਲ ਸ਼ਹਿਬਰ ਲਗਾਈ ਤਾਂ ਕਾਲਜ ਦੀ ਵੱਡੀ ਸਟੇਜ ਵੀ ਛੋਟੀ ਜਾਪਣ ਲੱਗ ਪਈ ਸੀ।ਇਸੇ ਦੌਰਾਨ ਗਾਇਕ ਹਰਿੰਦਰ ਸੋਹਲ ਨੇ ਵੀ ਨਵੀਂ ਪੰਜਾਬੀ ਗਾਇਕੀ ਦੇ ਰੰਗ ਪੇਸ਼ ਕੀਤੇ ਜਿਸ ਨਾਲ ਉਸਨੇ ਨੌਜਵਾਨ ਸਰੋਤਿਆ ਤੋਂ ਵਾਹ ਵਾਹ ਖੱਟੀ।ਪ੍ਰੋਗਰਾਮ ਦੀ ਸਮਾਪਤੀ ਖ਼ਾਲਸਾ ਕਾਲਜ ਦੀ ਟੀਮ ਵਲੋਂ ਝੂਮਰ ਪਾ ਕੇ ਕੀਤੀ ਗਈ।
ਮੇਲੇ ਦੇ ਮੁੱਖ ਪ੍ਰਬੰਧਕ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਪੰਜ ਦਿਨਾਂ ਮੇਲਾ ਬਹੁਤ ਵੱਡੀ ਸਫਲਤਾ ਨਾਲ ਸਮਾਪਤ ਹੋਇਆ ਹੈ।ਜਿਸ ਵਿੱਚ ਪੂਰੇ ਪੰਜਾਬ ਤੋਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ‘ਚ ਭਾਗ ਲਿਆ।ਇਸ ਪੰਜ ਦਿਨਾਂ ਮੇਲੇ ਦੌਰਾਨ ਇਕ ਕਰੋੜ ਤੋਂ ਵੱਧ ਦੀਆਂ ਪੁਸਤਕਾਂ ਵਿਕੀਆਂ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …