Friday, October 18, 2024

ਆਧੁਨਿਕ ਯੁੱਗ ਵਿਚ ਵੀ ਜਾਤ ਮਾਨਸਿਕਤਾ `ਤੇ ਵਿਚਾਰ ਕਰਨ ਦੀ ਲੋੜ

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਖੇਡੇ ਗਏ `ਜੂਠ` ਨਾਟਕ ਨੇ ਸਰੋਤਿਆਂ ਨੂੰ ਕੀਲਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਉਘੇ ਲੇਖਕ ਓਮ ਪ੍ਰਕਾਸ਼ ਵਾਲਮੀਕੀ ਦੀ ਸਵੈਜੀਵਨੀ `ਤੇ ਆਧਾਰਿਤ ਨਾਟਕ `ਜੂਠ` ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸਫਲਤਾਪੂਰਵਕ ਮੰਚਨ ਕੀਤਾ ਗਿਆ।ਜਿਸ ਦਾ ਪੰਜਾਬੀ ਦਾ ਲਿਪੀ ਰੁਪਾਂਤਰਣ ਬਲਰਾਮ ਬੋਧੀ ਵੱਲੋਂ ਕੀਤਾ ਗਿਆ ਹੈ, ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਯੂਨੀਵਰਸਿਟੀ ਦੇ ਕੈਂਪਸ ਵਿਚ ਹਰ ਮਹੀਨੇ ਕਰਵਾਏ ਜਾਣ ਵਾਲੇ ਨਾਟਕ ਲੜੀ ਦਾ ਇਹ ਪਹਿਲਾ ਨਾਟਕ ਸੀ ਜਿਸ ਦਾ ਨਿਰਦੇਸ਼ਨ ਕੰਵਲ ਰੰਧੇਅ ਵੱਲੋਂ ਕੀਤਾ ਗਿਆ ਸੀ।
ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਇਸ ਨਾਟਕ ਦੌਰਾਨ ਮੁੱਖ ਮਹਿਮਾਨ ਵਜੋਂ ਪੁਜੇ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਕਲਾ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਹੋਰ ਉਤਸਾਹਿਤ ਕਰਨ ਲਈ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਹੇਠ ਹੁਣ ਹਰ ਮਹੀਨੇ ਡਰਾਮਾ ਕਲੱਬ ਵੱਲੋਂ ਇਕ ਨਾਟਕ ਹੋਇਆ ਕਰੇਗਾ ਤਾਂ ਜੋ ਵਿਦਿਆਰਥੀਆਂ, ਅਧਿਆਪਕਾਂ ਅਤੇ ਕਲਾ ਪ੍ਰੇਮੀਆਂ ਨੂੰ ਨਾਟਕ ਕਲਾ ਦੇ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਕਾਰਗਰ ਕਲਾ ਦੇ ਤੌਰ `ਤੇ ਨਾਟਕ ਦੀ ਵਿਧਾ ਲੋਕ ਮਾਨਸਿਕਤਾ ਦੇ ਨੇੜੇ ਪੁੱਜ ਕੇ ਆਪਣੀ ਇਕ ਵੱਖਰੀ ਪਹਿਚਾਣ ਬਣਾ ਚੁੱਕੀ ਹੈ। ਉਨ੍ਹਾਂ ਨੇ ਨਾਟਕ ਦੇ ਮੁੱਖ ਪਾਤਰ ਦਾ ਰੋਲ ਨਿਭਾਉਣ ਵਾਲੇ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀ ਬਚਨਪਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਕ ਘੰਟੇ ਤਕ ਜਿਸ ਤਰੀਕੇ ਨਾਲ ਉਸ ਨੇ ਇਕੱਲੇ ਹੀ ਹਾਜ਼ਰ ਦਰਸ਼ਕਾਂ ਨੂੰ ਸਾਹ ਰੋਕ ਕੇ ਨਾਟਕ ਵੇਖ ਲਈ ਮਜਬੂਰ ਕਰ ਦਿੱਤਾ ਹੈ, ਤੋਂ ਪਤਾ ਲਗਦਾ ਹੈ ਕਿ ਨਾਟਕ ਦਾ ਵਿਸ਼ਾ ਕਿੰਨਾ ਸੰਜੀਦਾ ਸੀ ਅਤੇ ਉਸ ਨੂੰ ਵੇਖਣ ਵਾਲੇ ਦਰਸ਼ਕ ਵੀ ਕਿੰਨੀ ਸੰਜੀਦਗੀ ਨਾਲ ਨਾਟਕ ਨਾਲ ਜੁੜੇ ਹੋਏ ਸਨ।
ਡਰਾਮਾ ਕਲੱਬ ਦੇ ਇੰਚਾਰਜ ਡਾ. ਸੁਨੀਲ ਕੁਮਾਰ ਨੇ ਕਿਹਾ ਕਿ ਹੁਣ ਯੂਨੀਵਰਸਿਟੀ ਦੇ ਦਰਸ਼ਕਾਂ ਨੂੰ ਹਰ ਮਹੀਨੇ ਨਵੇਂ ਤੋਂ ਨਵਾਂ ਨਾਟਕ ਦੇਖਣ ਦੇ ਨਾਲ ਨਾਲ ਅਪ੍ਰੈਲ ਵਿਚ ਵਿਚ ਪੰਜ ਰੋਜ਼ਾ ਹੋਣ ਵਾਲੇ ਥੀਏਟਰ ਫੈਸਟੀਵਲ ਦੇ ਵਿਚ ਵੀ ਉਨ੍ਹਾਂ ਉਤਮ ਕਲਾ ਦੇ ਨਾਟਕ ਨੂੰ ਮਿਲਣਗੇ।ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਦਰਸ਼ਕ ਆਪਣੀ ਹਾਜ਼ਰੀ ਇੰਜ ਹੀ ਲਵਾ ਕੇ ਸਾਨੂੰ ਹੋਰ ਉਤਸ਼ਾਹਿਤ ਕਰਨਗੇ।
ਉਨ੍ਹਾਂ ਕਿਹਾ ਇਸ ਇੱਕ ਪਾਤਰੀ ਨਾਟਕ ਵਿੱਚ ਜਿਸ ਤਰ੍ਹਾਂ ਓਮ ਪ੍ਰਕਾਸ਼ ਵਾਲਮੀਕੀ ਦੇ ਪਾਤਰ ਨੂੰ ਬਚਨਪਾਲ ਨੇ ਸਟੇਜ ਤੇ ਜੀਅ ਕੇ ਵਿਖਾਇਆ ਹੈ; ਉਹ ਨਾਟਕ ਲੱਗ ਹੀ ਨਹੀਂ ਸੀ ਰਿਹਾ, ਸਗੋਂ ਉਹ ਅਸਲ ਦਾ ਭੁਲੇਖਾ ਦੇ ਰਿਹਾ ਸੀ।
ਇਸ ਮੌਕੇ ਡਾ. ਅਮਨਦੀਪ ਸਿੰਘ, ਡਾਇਰੈਕਟਰ ਯੁਵਕ ਭਲਾਈ, ਡਾ. ਜਤਿੰਦਰ ਕੌਰ, ਡਾ. ਬਲਬੀਰ ਸਿੰਘ, ਡਾ. ਦੀਪਿਕਾ ਤੋਂ ਇਲਾਵਾ ਹੋਰ ਫੈਕਲਟੀ ਮੈਂਬਰ ਅਤੇ ਸਟਾਫ ਮੈਂਬਰ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …