ਵੱਡੇ ਪੱਧਰ `ਤੇ ਖਾਲੀ ਪਈਆਂ ਬੀ.ਪੀ.ਈ.ਓਜ ਦੀਆਂ ਪੋਸਟਾਂ ਸਰਕਾਰ ਤੁਰੰਤ ਭਰੇ – ਡੀ.ਟੀ.ਐਫ਼
ਸੰਗਰੂਰ, 24 ਫਰਵਰੀ (ਜਗਸੀਰ ਲੌਂਗੋਵਾਲ) – ਪੰਜਾਬ ਦੀ ਆਪ ਸਰਕਾਰ ਇੱਕ ਪਾਸੇ ਦਿੱਲੀ ਮਾਡਲ ਦਾ ਗੁਣਗਾਨ ਕਰਦਿਆਂ ਸਿੱਖਿਆ ਵਿਭਾਗ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦੇ ਦਾਅਵੇ ਕਰ ਰਹੀ ਹੈ।ਦੂਜੇ ਪਾਸੇ ਸਿੱਖਿਆ ਦੀ ਬੁਨਿਆਦੀ ਪ੍ਰਾਇਮਰੀ ਸਿੱਖਿਆ ਸਰਕਾਰੀ ਬੇਰੁਖੀ ਦਾ ਸ਼ਿਕਾਰ ਹੋ ਰਹੀ ਹੈ।ਪ੍ਰਾਪਤ ਵੇਰਵਿਆਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰਾਂ ਜਿਥੇ ਸੈਂਕੜੇ ਅਧਿਆਪਕਾਂ ਦੀ ਤਨਖ਼ਾਹ ਨਿਕਲਦੀ ਹੈ, ਅਤੇ ਅਧਿਆਪਕਾਂ ਦੀਆਂ ਸੇਵਾ ਪੱਤਰੀਆਂ ਸਮੇਤ ਸਾਰਾ ਸਰਵਿਸ ਰਿਕਾਰਡ ਰੱਖਿਆ ਜਾਂਦਾ ਹੈ।ਬਲਾਕਾਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਅਸਾਮੀਆਂ ਵੱਡੇ ਪੱਧਰ ‘ਤੇ ਖਾਲੀ ਪਈਆਂ ਹਨ।
ਮੁਕਤਸਰ ਜਿਲ੍ਹੇ ਦੇ 6 ਬਲਾਕਾਂ ਵਿੱਚੋਂ 3 ਬਲਾਕਾਂ ਵਿੱਚ ਅਸਾਮੀਆਂ ਖਾਲੀ, ਲੁਧਿਆਣਾ ਜਿਲ੍ਹੇ ਵਿੱਚ ਕੁੱਲ 19 ਬਲਾਕਾਂ ਵਿਚੋਂ 5 ਪੋਸਟਾਂ ਭਰੀਆਂ ਅਤੇ 14 ਖਾਲੀ ਹਨ, ਇਸੇ ਤਰ੍ਹਾਂ ਮਾਨਸਾ ਜਿਲ੍ਹੇ ਵਿੱਚ ਕੁੱਲ 5 ਅਸਾਮੀਆਂ ਵਿਚੋਂ ਕੇਵਲ ਇੱਕ ਹੀ ਆਸਾਮੀ ਭਰੀ ਹੋਈ ਹੈ, ਬਾਕੀ 4 ਖਾਲੀ ਹਨ।
ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਬਲਬੀਰ ਲੋਂਗੋਵਾਲ ਨੇ ਸਰਕਾਰੀ ਬੇਰੁਖੀ ਦੀ ਸਖ਼ਤ ਸ਼ਬਦਾਂ ਵਿੱਚ ਅਲੋਚਨਾ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੀ ਰੀੜ੍ਹ ਦੀ ਹੱਡੀ ਪ੍ਰਇਮਰੀ ਸਿੱਖਿਆ ‘ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਹਿਮ ਕੜੀ ਵਜੋਂ ਕੰਮ ਕਰਦੇ ਹਨ।ਪ੍ਰੰਤੂ ਮੁੱਖ ਸਰਕਾਰ ਵਲੋਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਦਾ ਘਾਣ ਕੀਤਾ ਜਾ ਰਿਹਾ ਹੈ।
ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ ਅਤੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵਲੋਂ ਸਕੂਲ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੇ ਟੂਰ ‘ਤੇ ਭੇਜ ਕੇ ਵਿੱਦਿਅਕ ਮਿਆਰ ਨੂੰ ਉਚਾ ਚੁੱਕਣ ਦੇ ਦਾਅਵੇ ਕੀਤੇ ਜਾ ਰਹੇ ਹਨ।ਦੂਜੇ ਪਾਸੇ ਸਕੂਲਾਂ ਵਿੱਚ ਦਰਜ਼ਾ ਚਾਰ ਚਪੜਾਸੀ, ਮਾਲੀ, ਚੌਕੀਦਾਰ ਦੀਆਂ ਅਸਾਮੀਆਂ ਖ਼ਤਮ ਕਰਕੇ 5000 ਰੁਪਏ ਘੰਟੀ ਦੀ ਗ੍ਰਾਂਟ ਦੇ ਕੇ ਬੁੱਤਾ ਸਾਰਿਆ ਦਾ ਰਿਹਾ ਹੈ। ਆਗੂਆਂ ਨੇ ਬਲਾਕ ਸਿੱਖਿਆ ਅਫ਼ਸਰਾਂ ਸਮੇਤ ਵਿਭਾਗ ਦੀਆਂ ਹਰ ਪੱਧਰ ‘ਤੇ ਖਾਲੀ ਪੋਸਟਾਂ ਨੂੰ ਤੁਰੰਤ ਭਰਨ ਦੀ ਮੰਗ ਕੀਤੀ ਹੈ।
ਇਸ ਸਮੇਂ ਸੂਬਾ ਪ੍ਰੈਸ ਸਕੱਤਰ ਗੁਰਮੀਤ ਕੋਟਲੀ, ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ, ਸੂਬਾ ਜਥੇਬੰਦਕ ਸਕੱਤਰ ਕਰਨੈਲ ਸਿੰਘ ਚਿੱਟੀ ਸਮੇਤ ਲਖਵੀਰ ਸਿੰਘ ਹਰੀਕੇ, ਰੇਸ਼ਮ ਬਠਿੰਡਾ, ਸੁਖਪਾਲਜੀਤ ਮੋਗਾ, ਚਰਨਜੀਤ ਕਪੂਰਥਲਾ, ਮੈਡਮ ਜਗਵੀਰਨ ਕੌਰ, ਦਲਜੀਤ ਸਮਰਾਲਾ ਬਲਰਾਮ ਸ਼ਰਮਾ ਫਿਰੋਜਪੁਰ, ਗਗਨ ਪਾਹਵਾ ਤੇ ਸੂਬਾ ਕਮੇਟੀ ਮੈਂਬਰ ਹਾਜ਼ਰ ਸਨ।