Friday, October 18, 2024

ਘੱਗਰ ਤੇ ਬੁੱਢਾ ਨਾਲਾ ਕਮੇਟੀ ਦੇ ਚੇਅਰਮੈਨ ਤੇ ਮੈਂਬਰਾਂ ਨੇ ਘੱਗਰ ਨੇੜਲੇ ਲੋਕਾਂ ਦੀਆਂ ਮੁਸ਼ਕਲਾਂ ਦਾ ਲਿਆ ਜਾਇਜ਼ਾ

ਸ਼ੰਗਰੂਰ, 24 ਫਰਵਰੀ (ਜਗਸੀਰ ਲੌਂਗੋਵਾਲ) – ਪੰਜਾਬ ਵਿਧਾਨ ਸਭਾ ਦੀ ਘੱਗਰ ਤੇ ਬੁੱਢਾ ਨਾਲਾ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਵਲੋਂ ਅੱਜ ਖਨੌਰੀ ਅਤੇ ਮੂਨਕ ਦੇ ਘੱਗਰ ਦਰਿਆ ’ਤੇ ਵਸੇ ਇਲਾਕੇ ਦਾ ਦੌਰਾ ਕਰਕੇ ਲੋਕਾਂ ਨੂੰ ਘੱਗਰ ਨਾਲ ਸਬੰਧਤ ਮੁਸ਼ਕਿਲਾਂ ਦਾ ਜ਼ਮੀਨੀ ਪੱਧਰ ’ਤੇ ਜਾਇਜ਼ਾ ਲਿਆ।ਕਮੇਟੀ ਦੀ ਅਗਵਾਈ ਕਰਦਿਆਂ ਚੇਅਰਮੈਨ ਅਤੇ ਵਿਧਾਇਕ ਦਲਜੀਤ ਸਿੰਘ ਭੋਲਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਘੱਗਰ ਨੇੜੇ ਵਸਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਸੁਚੱਜੇ ਤੇ ਢੁੱਕਵੇਂ ਹੱਲ ਲਈ ਦ੍ਰਿੜ ਹਨ।ਉਨ੍ਹਾਂ ਦੱਸਿਆ ਕਿ ਪਿੱਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਲੋਕ ਹਾਲੇ ਤੱਕ ਭੁਗਤਦੇ ਆਏ ਹਨ, ਪਰ ਮਾਨ ਸਰਕਾਰ ਵਲੋਂ ਸੂਬੇ ਵਾਸੀਆਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਤੇ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸ ਨੂੰ ਪੂਰਾ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਕਮੇਟੀ ਦੀ ਤਰਫੋਂ ਵਿਧਾਇਕ ਬਰਿੰਦਰ ਗੋਇਲ, ਵਿਧਾਇਕ ਅਸ਼ੋਕ ਕੁਮਾਰ ਪਰਾਸ਼ਰ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਮਦਨ ਲਾਲ ਬੱਗਾ ਵੀ ਹਾਜ਼ਰ ਸਨ।
ਭੋਲਾ ਨੇ ਕਿਹਾ ਕਿ ਖਨੌਰੀ, ਮੰਡਵੀ, ਮਕਰੋੜ ਸਾਹਿਬ, ਮੂਨਕ ਆਦਿ ਥਾਵਾਂ ਦੇ ਦੌਰੇ ਦੌਰਾਨ ਪਿੰਡਾਂ ਦੇ ਲੋਕਾਂ ਨੇ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ਕਮੇਟੀ ਦੇ ਸਾਹਮਣੇ ਰੱਖੀਆਂ ਹਨ।ਜਿਨ੍ਹਾਂ ਨੂੰ ਧਿਆਨ ਨਾਲ ਸੁਣਿਆ ਗਿਆ ਹੈ।ਕਮੇਟੀ ਵੱਲੋਂ ਇਸ ਸਬੰਧੀ ਆਪਣੀ ਰਿਪੋਰਟ ਸਿਫਾਰਿਸ਼ ਸਮੇਤ ਮੁੱਖ ਮੰਤਰੀ ਪੰਜਾਬ ਤੇ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪੀ ਜਾਵੇਗੀ।
ਵਿਧਾਇਕ ਲਹਿਰਾ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਆਪ ਸਰਕਾਰ ਦੇ ਹੋਂਦ ਵਿੱਚ ਆਉਂਦਿਆਂ ਹੀ ਘੱਗਰ ਦਾ ਮਸਲਾ ਵਿਧਾਨ ਸਭਾ ‘ਚ ਉਠਾਇਆ ਸੀ ਅਤੇ ਪਹਿਲੀ ਵਾਰ ਹੋਇਆ ਹੈ ਕਿ ਵਿਧਾਨ ਸਭਾ ਵਿੱਚ ਕਿਸੇ ਮਸਲੇ ਦੀ ਗੰਭੀਰਤਾ ਨੂੰ ਲੈ ਕੇ 11 ਵਿਧਾਇਕਾਂ ਦੀ ਸ਼ਮੂਲੀਅਤ ਵਾਲੀ ਕਮੇਟੀ ਦਾ ਗਠਨ ਹੋਇਆ ਹੋਵੇ।ਉਨ੍ਹਾਂ ਕਿਹਾ ਕਿ ਘੱਗਰ ਕੰਢੇ ਵਸਦੇ ਲੋਕ ਲਗਾਤਾਰ ਇਸ ਦੀ ਮਾਰ ਝੱਲਣ ਨੂੰ ਮਜ਼ਬੂਰ ਹਨ ਅਤੇ ਬਰਸਾਤੀ ਸੀਜ਼ਨ ਦੌਰਾਨ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ ਅਤੇ ਕੈਮੀਕਲ ਵਾਲਾ ਪਾਣੀ ਦੂਸ਼ਿਤ ਵਾਤਾਵਰਣ ਦਾ ਕਾਰਨ ਬਣ ਕੇ ਮਨੁੱਖਾਂ ਤੇ ਪਸ਼ੂਆਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ।ਇਸ ਉਪਰੰਤ ਕਮੇਟੀ ਵਲੋਂ ਅਧਿਕਾਰੀਆਂ ਨਾਲ ਯੂਨੀਵਰਸਿਟੀ ਕਾਲਜ ਮੂਨਕ ਵਿਖੇ ਮੀਟਿੰਗ ਕੀਤੀ ਗਈ ਤੇ ਫੀਡਬੈਕ ਹਾਸਲ ਕੀਤਾ।
ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਕੁਦਨੀ, ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐਸ.ਡੀ.ਐਮ ਸੂਬਾ ਸਿੰਘ ਸਮੇਤ ਵੱਡੀ ਗਿਣਤੀ ‘ਚ ਹੋਰ ਸਖ਼ਸੀਅਤਾਂ ਤੇ ਅਧਿਕਾਰੀ ਵੀ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …