ਨਹੀਂ ਹੋਣ ਦਿੱਤੀ ਜਾਵੇਗੀ ਕੋਈ ਗੈਰ ਕਨੂੰਨੀ ਉਸਾਰੀ – ਜ਼ਿਲ੍ਹਾ ਟਾਊਨ ਪਲਾਨਰ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੁੱਖ ਪ੍ਰਸ਼ਾਸ਼ਕ ਪੁੱਡਾ ਅੰਮ੍ਰਿਤਸਰ ਦੀਪਸ਼ਿਖਾ ਸ਼ਰਮਾ ਆਈ.ਏ.ਐਸ, ਵਧੀਕ ਮੁੱਖ ਪ੍ਰਸ਼ਾਸ਼ਕ ਡਾ. ਰਜ਼ਤ ਓਬਰਾਏ ਦੇ ਆਦੇਸ਼ਾਂ ਤਹਿਤ ਪੁੱਡਾ ਦੇ ਟਾਊਨ ਪਲਾਨਰ ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਲੋਹਾਰਕਾ ਰੋਡ ਅ ਤੇ ਉਸਦੇ ਆਸ-ਪਾਸ ਅਣ-ਅਧਿਕਾਰਤ ਤੌਰ ਤੇ ਬਣ ਰਹੀਆਂ ਨਜ਼ਾਇਜ ਕਲੋਨੀਆਂ ਦੀ ਸਖਤੀ ਨਾਲ ਜਾਂਚ ਕੀਤੀ ਗਈ ਅਤੇ ਹੋ ਰਹੀਆਂ ਨਜਾਇਜ਼ ਊਸਾਰੀਆਂ ਨੂੰ ਰੁਕਵਾ ਦਿੱਤਾ ਗਿਆ।ਜ਼ਿਲ੍ਹਾ ਟਾਊਨ ਪਲਾਨਰ ਗੁਰਸੇਵਕ ਸਿੰਘ ਔਲਖ ਨੇ ਦੱਸਿਆ ਕਿ ਇਨਾਂ ਕਲੋਨੀਆਂ ਦੇ ਮਾਲਕਾਂ ਨੂੰ ਕਈ ਵਾਰੀ ਕਲੋਨੀਆਂ ਰੈਗੂਲਰ ਕਰਵਾਉਣ ਅਤੇ ਪੰਜਾਬ ਸਰਕਾਰ ਵਲੋਂ ਪੁੱਡਾ ਲਈ ਤੈਅ ਕੀਤੇ ਗਏ ਨਿਯਮਾਂ ਅਨੁਸਾਰ ਚੱਲਣ ਲਈ ਕਿਹਾ ਗਿਆ ਸੀ।ਪਰ ਇਨ੍ਹਾਂ ਅਣ-ਅਧਿਕਾਰਤ ਕਲੋਨੀਆਂ ਦੇ ਮਾਲਕਾਂ ਨੇ ਇਸਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ, ਜਿਸ ‘ਤੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਅਧੀਨ ਪਿਛਲੇ ਮਹੀਨੇ ਰਾਮ ਤੀਰਥ ਰੋਡ ‘ਤੇ ਸਥਿਤ ਕਲੋਨੀਆਂ ਤੇ ਜਲੰਧਰ ਜੀ.ਟੀ ਰੋਡ ਤੋਂ ਬਾਅਦ ਲੁਹਾਰਕਾ ਰੋਡ ਦੇ ਆਸਪਾਸ ਕਈ ਗੈਰਕਨੂੰਨੀ ਸਾਰਿਆਂ ਵੱਲ ਸਖਤ ਕਦਮ ਚੁੱਕਿਆ ਗਿਆ ਹੈ।ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਣਅਧਿਕਾਰਤ ਕਲੋਨੀ ਕੱਟਣ ਵਾਲੇ ਵਿਅਕਤੀ ਨੂੰ 3 ਤੋਂ 7 ਸਾਲ ਦੀ ਕੈਦ ਅਤੇ 2 ਤੋਂ 5 ਲੱਖ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਅਤੇ ਇਹ ਕਾਰਵਾਈ ਅਮਲ ਵਿੱੱਚ ਲਿਆਂਦੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਮੌਜ਼ੂਦਾ ਸਰਕਾਰ ਵਲੋਂ ਇਸ ਤਰਾਂ ਦੇ ਕਾਰਜ਼ਾਂ ਲਈ ਅਤੇ ਗੈਰ ਕਨੂੰਨੀ ਕਲੋਨਰਾਈਜਰਾਂ ਲਈ ਸਖਤ ਕਦਮ ਚੁੱਕਣ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਪੁੱਡਾ ਵਲੋਂ ਅਣ-ਅਧਿਕਾਰਤ ਕਲੋਨੀਆਂ ਦੀ ਵਿਉਂਤਬੰਦੀ ਕਰਕੇ ਕਾਰਵਾਈ ਕੀਤੀ ਜਾਵੇਗੀ।ਟਾਊਨ ਪਲਾਨਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਗੈਰਕਨੂੰਨੀ ਕਲੋਨੀਆਂ ਜੋ ਕਿ ਪੁੱਡਾ ਵਿਭਾਗ ਤੋਂ ਮਨਜ਼ੂਰਸ਼ੁਦਾ ਨਹੀਂ ਹਨ, ਉਨਾਂ ਵਿੱਚ ਪਲਾਟ ਨਾ ਲੈਣ ਤਾਂ ਜੋ ਉਨ੍ਹਾਂ ਦੇ ਧਨ ਮਾਲ ਦਾ ਨੁਕਸਾਨ ਨਾ ਹੋ ਸਕੇ ਅਤੇ ਉਨ੍ਹਾਂ ਲਈ ਪਰੇਸ਼ਸਾਨੀ ਦਾ ਕਾਰਨ ਨਾ ਬਣੇ ਅਤੇ ਕਿਸੇ ਵੀ ਕਲੋਨੀ ਵਿੱਚ ਪਲਾਟ ਖਰੀਦਣ ਤੋਂ ਪਹਿਲਾਂ ਐਨ.ਓ.ਸੀ ਦੀ ਮੰਗ ਜਰੂਰ ਕਰਨ।